ਬੈਂਸ ਨੂੰ ਪੱਖ ਰੱਖਣ ਲਈ ਭਲਕੇ ਅਕਾਲ ਤਖ਼ਤ ’ਤੇ ਤਲਬ ਕੀਤਾ
ਪੰਜਾਬ ਸਰਕਾਰ ਵੱਲੋਂ ਸ੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਕਾਲ ਤਖ਼ਤ ’ਤੇ 6 ਅਗਸਤ ਨੂੰ ਆਪਣਾ ਪੱਖ ਰੱਖਣ ਵਾਸਤੇ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨੇੜਲੇ ਰਿਸ਼ਤੇਦਾਰ ਦਾ ਦੇਹਾਂਤ ਹੋ ਜਾਣ ਕਾਰਨ ਪਹਿਲੀ ਅਗਸਤ ਨੂੰ ਹੋਣ ਵਾਲੀ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਦੁਬਾਰਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਹੈ ਅਤੇ ਕੈਬਨਿਟ ਮੰਤਰੀ ਬੈਂਸ ਨੂੰ ਪੇਸ਼ ਹੋਣ ਲਈ ਸੂਚਿਤ ਕੀਤਾ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵਿਦੇਸ਼ ਗਏ ਹੋਣ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਤਲਬ ਜਾਵੇਗਾ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਵੱਖ-ਵੱਖ ਪੰਥਕ ਅਤੇ ਧਾਰਿਮਕ ਮਾਮਲੇ ਵਿਚਾਰਨ ਲਈ ਸਕੱਤਰੇਤ ਅਕਾਲ ਤਖ਼ਤ ’ਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 6 ਅਗਸਤ ਨੂੰ ਸਵੇਰੇ 9 ਵਜੇ ਹੋਵੇਗੀ। ਇਸ ਸਬੰਧੀ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਈ-ਮੇਲ ਰਾਹੀਂ ਜਾਣਕਾਰੀ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਆਪਣੇ ਕਰੀਬੀ ਰਿਸ਼ਤੇਦਾਰ ਦੇ ਆਨੰਦ ਕਾਰਜ ਲਈ 12 ਅਗਸਤ ਤੱਕ ਵਿਦੇਸ਼ ਗਏ ਹਨ, ਇਸ ਲਈ ਉਨ੍ਹਾਂ ਨੂੰ ਬਾਅਦ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਜਾਵੇਗਾ।
ਪੰਜਾਬੀ ਗਾਇਕ ਬੀਰ ਸਿੰਘ ਪਹਿਲਾਂ ਹੀ ਕਰ ਚੁੱਕੈ ਖਿਮਾ ਯਾਚਨਾ
ਪੰਜਾਬੀ ਗਾਇਕ ਬੀਰ ਸਿੰਘ ਇਸ ਮਾਮਲੇ ਵਿੱਚ ਪਹਿਲਾਂ ਹੀ ਲਿਖਤੀ ਪੱਤਰ ਦੇ ਕੇ ਆਪਣੇ ਵੱਲੋਂ ਖਿਮਾ ਯਾਚਨਾ ਕਰ ਚੁੱਕਾ ਹੈ। ਉਸ ਨੇ ਸ਼ਹੀਦੀ ਸ਼ਤਾਬਦੀ ਸਬੰਧੀ ਇਸ ਸਮਾਗਮ ਵਿੱਚ ਗੀਤ ਗਾਏ ਸਨ ਅਤੇ ਇਨ੍ਹਾਂ ਗੀਤਾਂ ’ਤੇ ਲੋਕਾਂ ਨੇ ਭੰਗੜਾ ਵੀ ਪਾਇਆ ਸੀ। ਸਿੱਖ ਸੰਸਥਾਵਾਂ ਨੇ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਵਿੱਚ ਗੀਤ ਗਾਉਣ ਅਤੇ ਭੰਗੜੇ ਪਾਉਣ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਕਰਾਰ ਦਿੱਤਾ ਸੀ। ਇਸ ਦਾ ਵਿਰੋਧ ਅਤੇ ਆਲੋਚਨਾ ਹੋਣ ਮਗਰੋਂ ਗਾਇਕ ਬੀਰ ਸਿੰਘ ਅਗਲੇ ਹੀ ਦਿਨ ਅਕਾਲ ਤਖਤ ਵਿਖੇ ਪੁੱਜਾ ਸੀ ਅਤੇ ਇਸ ਸਬੰਧੀ ਜਥੇਦਾਰ ਗੜਗੱਜ ਨਾਲ ਮੁਲਾਕਾਤ ਕਰਕੇ ਖਿਮਾ ਯਾਚਨਾ ਕੀਤੀ ਸੀ। ਉਸ ਦੀ ਖਿਮਾ ਯਾਚਨਾ ਸਬੰਧੀ ਪੱਤਰ ’ਤੇ ਵੀ ਵਿਚਾਰ ਹੋਣ ਦੀ ਸੰਭਾਵਨਾ ਹੈ।