ਬਾਹਮਣਵਾਲਾ ਕਤਲ ਕਾਂਡ: ਫਰੀਦਕੋਟ ਪੁਲੀਸ ਵੱਲੋਂ ਮੁਠਭੇੜ ਦੌਰਾਨ ਮੁੱਖ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਨੇ ਬੀਰ ਸਿੱਖਵਾਲਾ ਨੇੜੇ ਮੁਠਭੇੜ ਦੌਰਾਨ ਬਾਹਮਣਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੁੂੰ ਕਾਬੂ ਕਰ ਲਿਆ ਹੈ। ਇਸ ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਚਿੰਕੀ ਜ਼ਖ਼ਮੀ ਹੋ ਗਿਆ ਸੀ, ਜਿਸਨੁੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਚਿੰਕੀ ਦਵਿੰਦਰ ਬੰਬੀਹਾ ਗੈਂਗ ਦੇ ਫ਼ਰਾਰ ਵਿਦੇਸ਼ੀ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਦਾ ਸਾਥੀ ਸੀ।
ਐੱਸਐੱਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 22 ਜੁਲਾਈ ਨੂੰ ਮੁਹਾਲੀ ਦੇ ਯਾਦਵਿੰਦਰ ਸਿੰਘ ਨੁੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਆਪਣੇ ਸਾਥੀ ਜੀਵਨਜੋਤ ਚਾਹਲ ਉਰਫ਼ ਜੁਗਨੂੰ ਨਾਲ ਬਾਹਮਣਵਾਲਾ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਤੋਂ ਵਾਪਸ ਜਾ ਰਿਹਾ ਸੀ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਚਿੰਕੀ ਅਤੇ ਉਸਦੇ ਸਾਥੀ ਸੂਰਜ ਕੁਮਾਰ ਨੂੰ ਸਿਰਸਾ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਕ ਫਾਲੋ-ਅੱਪ ਆਪਰੇਸ਼ਨ ਦੌਰਾਨ ਜਦੋਂ ਪੁਲੀਸ ਚਿੰਕੀ ਨੂੰ ਅਪਰਾਧ ਵਿੱਚ ਵਰਤੀ ਗਈ ਮੋਟਰਸਾਈਕਲ ਬਰਾਮਦ ਕਰਨ ਲਈ ਲੈ ਕੇ ਗਈ ਤਾਂ ਉਸ ਨੇ ਕਥਿਤ ਤੌਰ 'ਤੇ ਨੇੜਲੀਆਂ ਝਾੜੀਆਂ ਵਿੱਚ ਲੁਕਾਏ ਹੋਏ 32 ਬੋਰ ਪਿਸਤੌਲ ਨਾਲ ਪੁਲੀਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਚਿੰਕੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੌਕੇ ਤੋਂ ਹਥਿਆਰ, ਦੋ ਜ਼ਿੰਦਾ ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ।ਕੋਟਕਪੂਰਾ ਸਿਟੀ ਪੁਲੀਸ ਸਟੇਸ਼ਨ ਵਿਖੇ ਮੁਲਜ਼ਮ ਉੱਤੇ ਬੀਐਨਐਸ ਦੀ ਧਾਰਾ 103(1),109,61(2) ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮਾਮਲਾ ਪਹਿਲਾਂ ਹੀ ਦਰਜ ਹੈ।
ਦੱਸ ਦਈਏ ਕਿ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਸੀ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ 22 ਜੁਲਾਈ ਨੂੰ ਹੋਇਆ ਹਮਲਾ ਉਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ ਉਹ ਇਸ ਹਮਲੇ ਵਿੱਚ ਵਾਲ ਵਾਲ ਬਚ ਗਿਆ, ਪਰ ਉਸਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਇਸ ਹਮਲੇ ਵਿੱਚ ਮੌਕੇ 'ਤੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ ਧਾਰਮਿਕ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਮੌਕੇ 'ਤੇ ਵਾਹਨ ਬਦਲ ਦਿੱਤਾ ਗਿਆ ਸੀ।
ਚਾਹਲ ਨੇ ਦੱਸਿਆ, "ਸ਼ੁਰੂ ਵਿੱਚ ਮੈਨੂੰ ਆਪਣੀ ਕਾਰ ਵਿੱਚ ਡਰਾਈਵਰ ਦੇ ਨਾਲ ਬਿਠਾਇਆ ਗਿਆ ਸੀ, ਪਰ ਮੇਰੇ ਚਾਚੇ ਨੇ ਬੇਨਤੀ ਕੀਤੀ ਕਿ ਮੈਂ ਉਸਦੇ ਨਾਲ ਯਾਤਰਾ ਕਰਾਂ। ਮੈਂ ਰਵਾਨਗੀ ਤੋਂ ਠੀਕ ਪਹਿਲਾਂ ਵਾਹਨ ਬਦਲ ਦਿੱਤਾ। ਜਿਵੇਂ ਹੀ ਚਾਰ ਤੋਂ ਪੰਜ ਕਾਰਾਂ ਦੇ ਸਾਡੇ ਕਾਫਲੇ ਨੇ ਵਾਪਸੀ ਦੀ ਯਾਤਰਾ ਸ਼ੁਰੂ ਕੀਤੀ, ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਉਸ ਕਾਰ 'ਤੇ ਗੋਲੀਬਾਰੀ ਕਰ ਦਿੱਤੀ ਜਿਸ ਵਿੱਚ ਮੈਂ ਹੋਣਾ ਸੀ। ਇਸ ਦੌਰਾਨ ਮੇਰਾ ਡਰਾਈਵਰ ਤੁਰੰਤ ਮਾਰਿਆ ਗਿਆ।"
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਚਾਹਲ ਕੋਟਕਪੂਰਾ ਨੇੜੇ ਪਿੰਡ ਬਾਹਮਣਵਾਲਾ ਦੇ ਇੱਕ ਗੁਰਦੁਆਰੇ ਵਿੱਚ ਆਪਣੇ ਦਾਦਾ ਜੀ ਦੇ ਭੋਗ ਤੋਂ ਵਾਪਸ ਆ ਰਿਹਾ ਸੀ। ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਚਾਹਲ ਸੁਰਖੀਆਂ ਵਿੱਚ ਆਇਆ ਹੋਵੇ। ਇਸ ਸਾਲ ਅਪਰੈਲ ਵਿੱਚ ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਮਾਨਸਾ ਪੁਲੀਸ ਵੱਲੋਂ ਜਾਰੀ ਗਏ ਲੁੱਕ ਆਊਟ ਸਰਕੂਲਰ (LoC) ਦੇ ਆਧਾਰ 'ਤੇ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੋਰ ਖ਼ਬਰਾਂ ਪੜ੍ਹੋ: 'Operation Mahadev': ਫ਼ੌਜ ਦੇ ‘ਅਪਰੇਸ਼ਨ ਮਹਾਦੇਵ’ ਦੌਰਾਨ ਸ੍ਰੀਨਗਰ ਦੇ ਦਾਚੀਗਾਮ ਮੁਕਾਬਲੇ ’ਚ 3 ਦਹਿਸ਼ਤਗਰਦ ਹਲਾਕ