ਇਆਲੀ ਤੇ ਸਾਥੀਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਾਥੀਆਂ ਸਮੇਤ ਅੱਜ ਇਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਸਬੰਧਤ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਿਹਤ ਨਿਗਮ ਪੰਜਾਬ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਸਮੇਤ ਧਰਮਕੋਟ ਹਲਕੇ ਦੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜ਼ਰ ਸਨ। ਸਤਲੁਜ ਦੇ ਹੜ੍ਹ ਵਿਚ ਘਿਰੇ ਖੇਤਰ ਦੇ ਪਿੰਡ ਸੰਘੇੜਾ ਵਿਖੇ ਉਹ ਪਿੰਡ ਦੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਲੰਘੀ ਦੇਰ ਸ਼ਾਮ ਤਿੰਨ ਟਰੱਕ ਜ਼ਰੂਰੀ ਵਸਤਾਂ ਦੇ ਜਿਨ੍ਹਾਂ ਵਿੱਚ ਪਸ਼ੂਆਂ ਲਈ ਚਾਰਾ,ਪੀਣ ਲਈ ਪਾਣੀ, ਪਲਾਸਟਿਕ ਤਰਪੈਲਾਂ ਸਮੇਤ ਖਾਣ ਪੀਣ ਦਾ ਰਾਸ਼ਨ ਸ਼ਾਮਲ ਸੀ ਦੀ ਅਕਾਲੀ ਦਲ ਦੇ ਕੈਂਪ ਵਿਚ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਅਣਦੇਖੀ ਸਦਕਾ ਅੱਜ ਪੰਜਾਬ ਨੂੰ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ। ਇਸ ਮੌਕੇ ਤੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਮਨਫੂਲ ਸਿੰਘ ਲਾਡੀ, ਹਰਦਿਆਲ ਸਿੰਘ ਸਾਹਵਾਲਾ ਆਦਿ ਆਗੂ ਵੀ ਹਾਜ਼ਰ ਸਨ।