ਦੋ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼
ਇਸ ਜ਼ਿਲ੍ਹੇ ਦੇ ਸਰਹੱਦੀ ਪਿੰਡ ਆਦਮ ਬਾੜਵਾਂ ਵਿੱਚ ਕਾਰ ਸਵਾਰਾਂ ਵੱਲੋਂ ਦੋ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਪੁਲੀਸ ਕੋਲ ਪਹੁੰਚ ਗਿਆ ਹੈ ਅਤੇ ਬਮਿਆਲ ਚੌਕੀ ਦੀ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਛੇ ਸਾਲਾ ਬੱਚੇ ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਉਹ ਪਿੰਡ ਵਿੱਚ ਸੜਕ ਦੇ ਕੋਲ ਘੁੰਮ ਰਿਹਾ ਸੀ ਤਾਂ ਪਿੱਛੋਂ ਚਿੱਟੀ ਕਾਰ ਆਈ। ਕਾਰ ਵਿੱਚੋਂ ਇੱਕ ਵਿਅਕਤੀ ਨੇ ਉਸ ਦੀ ਬਾਂਹ ਫੜ ਲਈ ਪਰ ਉਸ ਨੇ ਕਾਰ ਸਵਾਰ ਦੀ ਬਾਂਹ ’ਤੇ ਦੰਦੀ ਵੱਢ ਕੇ ਆਪਣੇ ਆਪ ਨੂੰ ਛੁਡਵਾ ਲਿਆ। ਇਸ ਮਗਰੋਂ ਉਹ ਅੱਗੇ ਚਲੇ ਗਏ ਅਤੇ ਇੱਕ ਹੋਰ ਬੱਚੇ ਕਾਰਤਿਕ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਬੱਚੇ ਦੇ ਰੋਣ ਕਾਰਨ ਉਹ ਉਸ ਨੂੰ ਉੱਥੇ ਕੂੜੇ ਦੇ ਢੇਰ ਕੋਲ ਸੁੱਟ ਗਏ, ਜਿਸ ਨਾਲ ਉਸ ਦੇ ਸਿਰ ਵਿੱਚ ਵੀ ਸੱਟ ਵੱਜੀ ਹੈ। ਪਿੰਡ ਦੇ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਏ। ਕਾਰਤਿਕ ਦੀ ਮਾਂ ਸੁਸ਼ਮਾ ਦੇਵੀ ਨੇ ਦੱਸਿਆ ਕਿ ਉਸ ਦਾ ਬੱਚਾ ਟਿਊਸ਼ਨ ਪੜ੍ਹਨ ਗਿਆ ਸੀ ਤੇ ਟਿਊਸ਼ਨ ਵਾਲੀ ਕਾਪੀ ਘਰ ਭੁੱਲ ਗਿਆ ਸੀ। ਉਹ ਕਾਪੀ ਲੈਣ ਘਰ ਆ ਰਿਹਾ ਸੀ ਕਿ ਰਾਹ ਵਿੱਚ ਉਸ ਨੂੰ ਕਾਰ ਸਵਾਰਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ। ਬੱਚੇ ਦੇ ਪਿਤਾ ਕਾਲੀ ਨੇ ਦੱਸਿਆ ਕਿ ਮਾਮਲੇ ਬਾਰੇ ਬਮਿਆਲ ਚੌਕੀ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਚੌਕੀ ਇੰਚਾਰਜ ਏ ਐੱਸ ਆਈ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ ਇਸ ਮਾਮਲੇ ਬਾਰੇ ਸੂਚਨਾ ਮਿਲੀ ਸੀ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
