ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲੀਸ ’ਤੇ ਹਮਲਾ
ਇੱਥੋਂ ਦੇ ਡੇਰਾ ਬਾਬਾ ਨਾਨਕ ਰੋਡ ’ਤੇ ਮੱਲ੍ਹੀ ਮਾਰਕੀਟ ਵਿੱਚ ਮੁਲਜ਼ਮਾਂ ਨੇ ਕਾਊਂਟਰ ਇਟੈਲੀਜੈਂਸ ਪਠਾਨਕੋਟ ਦੀ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲੀਸ ਮੁਲਾਜ਼ਮ ਕੁਲਬਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਟੀਮ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀ। ਹਮਲੇ ਤੋਂ ਬਾਅਦ ਬਟਾਲਾ ਪੁਲੀਸ, ਸੀ ਆਈ ਏ ਪਠਾਨਕੋਟ ਅਤੇ ਸੀ ਪੀ ਅੰਮ੍ਰਿਤਸਰ ਦੀਆਂ ਪੁਲੀਸ ਟੀਮਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਕਿਸੇ ਕੇਸ ਵਿੱਚ ਲੋੜੀਂਦੇ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ, ਜਦੋਂ ਪੁਲੀਸ ਟੀਮ ਨੇ ਉਨ੍ਹਾਂ ਨੂੰ ਮੱਲ੍ਹੀ ਮਾਰਕੀਟ ਨੇੜੇ ਘੇਰ ਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਚਲਾਈ ਗਈ ਗੋਲੀ ਕਾਊਂਟਰ ਇੰਟੈਲੀਜੈਂਸ ਦੇ ਕਾਂਸਟੇਬਲ ਕੁਲਬਿੰਦਰ ਸਿੰਘ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਆਪਣੀ ਗੱਡੀ ਇੱਕ ਹੋਰ ਪੁਲੀਸ ਮੁਲਾਜ਼ਮ ਦੇ ਪੈਰ ’ਤੇ ਚੜ੍ਹਾ ਦਿੱਤੀ, ਜਿਸ ਨਾਲ ਉਹ ਵੀ ਜ਼ਖ਼ਮੀ ਹੋ ਗਿਆ। ਇਸ ਤੋਂ ਤੁਰੰਤ ਬਾਅਦ ਬਟਾਲਾ ਪੁਲੀਸ, ਸੀ ਆਈ ਏ ਪਠਾਨਕੋਟ ਅਤੇ ਅੰਮ੍ਰਿਤਸਰ ਪੁਲੀਸ ਦੀਆਂ ਟੀਮਾਂ ਨੇ ਦੇਰ ਰਾਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਡੀ ਐੱਸ ਪੀ (ਸਿਟੀ) ਸੰਜੀਵ ਕੁਮਾਰ ਨੇ ਦੱਸਿਆ ਕਿ ਫੜੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬਾਕੀ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।