ਪਿੰਡ ਫਤਿਹਗੜ੍ਹ ਨੌ ਆਬਾਦ ਵਿੱਚ ਅਕਾਲੀ ਆਗੂ ’ਤੇ ਹਮਲਾ
ਬਲਾਕ ਤਲਵੰਡੀ ਸਾਬੋ ਦੇ ਕੁੱਲ 25 ਸਮਿਤੀ ਜ਼ੋਨਾਂ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਲਈ ਪਈਆਂ ਵੋਟਾਂ ਦਾ ਕਾਰਜ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਖ਼ਬਰ ਲਿਖੇ ਜਾਣ ਤੱਕ ਸਰਕਾਰੀ ਰਿਪੋਰਟ ਸਾਹਮਣੇ ਨਹੀਂ ਆਈ ਪਰ ਜਾਣਕਾਰੀ ਅਨੁਸਾਰ ਬਲਾਕ ਤਲਵੰਡੀ ਸਾਬੋ ਅੰਦਰ 48 ਤੋਂ 49 ਫੀਸਦੀ ਵੋਟਾਂ ਪਈਆਂ।
ਬਲਾਕ ਦੇ ਸੰਵੇਦਨਸ਼ੀਲ ਜ਼ੋਨ ਜੰਬਰ ਬਸਤੀ ਦੇ ਪੋਲਿੰਗ ਸ਼ਟੇਸਨ ’ਤੇ ਭਾਰੀ ਪੁਲੀਸ ਫੋਰਸ ਐੱਸਪੀ ਜਗਦੀਸ਼ ਬਿਸ਼ਨੋਈ ਦੀ ਅਗਵਾਈ ਵਿੱਚ ਤਾਇਨਾਤ ਰਹੀ। ਕਿਉਂਕਿ ਇੱਥੇ ਮੁੱਖ ਮੁਕਾਬਲਾ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਚਾਚੀ ਗੁਰਦੀਪ ਕੌਰ ਆਪ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਗੁਰਦਿੱਤ ਸਿੰਘ ਵਿਚਕਾਰ ਬਣਿਆ ਹੋਇਆ ਸੀ।
ਦੂਜੇ ਪਾਸੇ ਇਸੇ ਹੀ ਜ਼ੋਨ ਅਧੀਨ ਆਉਂਦੇ ਪਿੰਡ ਫਤਿਹਗੜ੍ਹ ਨੌ ਆਬਾਦ ਵਿਖੇ ਵੋਟਿੰਗ ਦੇ ਅਖ਼ੀਰਲੇ ਸਮੇਂ ਦੌਰਾਨ ਪੋਲਿੰਗ ਬੂਥ ’ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਕਾਲੀ ਆਗੂ ਗੁਰਪ੍ਰਤਾਪ ਸਿੰਘ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ ਜੋ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਨੇ ਸੱਤਾਧਾਰੀ ਪਾਰਟੀ ’ਤੇ ਦੋਸ਼ ਲਾਇਆ ਕਿ ਜਦ ਪੋਲਿੰਗ ਬੂਥ ’ਤੇ ਬਾਹਰੋਂ ਆਏ ਅਨਸਰਾਂ ਦੀ ਧੱਕੇਸ਼ਾਹੀ ਦੀ ਕੋਸ਼ਿਸ਼ ਨੂੰ ਅਕਾਲੀ ਆਗੂ ਨੇ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਚੋਣ ਕਮਿਸ਼ਨ ਤੋਂ ਉਕਤ ਗੁੰਡਾਗਰਦੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
