ਕੁੱਟਮਾਰ ਮਾਮਲਾ: ਵਿਦੇਸ਼ੀ ਵਿਦਿਆਰਥੀ ਦੀ ਇਲਾਜ ਦੌਰਾਨ ਮੌਤ
ਐੱਸਪੀ (ਡੀ) ਜਸਮੀਤ ਸਿੰਘ ਸਾਹੀਵਾਲ ਦੱਸਿਆ ਕਿ ਯੂਨੀਵਰਸਿਟੀ ਵਿੱਚ ਜ਼ਿੰਬਾਬਵੇ ਵਾਸੀ ਵਿਦਿਆਰਥੀ ਜਿਵੀਏ ਲੋਰੀਏ ਬੀਐੱਸਸੀ ਰੇਡਿਓਲੋਜੀ ਐਂਡ ਟੈਕਨੋਲੋਜੀ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੀ 12 ਅਗਸਤ ਨੂੰ ਕਿਸੇ ਗੱਲੋਂ ਯੂਨੀਵਰਸਿਟੀ ਦੇ ਸਕਿਓਰਿਟੀ ਗਾਰਡ ਦਿਲਪ੍ਰੀਤ ਸਿੰਘ ਨਾਲ ਬਹਿਸ਼ ਹੋਈ।ਇਸ ਤੋਂ ਬਾਅਦ ਸਕਿਓਰਿਟੀ ਗਾਰਡ ਨੇ ਵਿਦੇਸ਼ੀ ਵਿਦਿਆਰਥੀ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਦੂਜੇ ਦਿਨ ਯੂਨੀਵਰਸਿਟੀ ਤੋਂ ਕੁੱਝ ਦੂਰੀ ’ਤੇ ਆਪਣੇ ਹੋਰ ਸਾਥੀਆਂ ਨਾਲ ਘੇਰ ਕੇ ਉਸ ਦੀ ਬੇਸਬਾਲ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਸੀ।
ਗੰਭੀਰ ਜ਼ਖ਼ਮੀ ਵਿਦਿਆਰਥੀ ਨੂੰ ਏਮਜ਼ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਕੁੱਟਮਾਰ ਦੀ ਘਟਨਾ ਮਗਰੋਂ ਤਲਵੰਡੀ ਸਾਬੋ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਕਾਰ ਕਬਜ਼ੇ ਵਿੱਚ ਲੈ ਕੇ ਮੁੱਖ ਮੁਲਜ਼ਮ ਸਕਿਊਰਟੀ ਗਾਰਡ ਦਿਲਪ੍ਰੀਤ ਸਿੰਘ, ਉਸ ਦੇ ਸਾਥੀਆਂ ਲਵਪ੍ਰੀਤ ਸਿੰਘ, ਮੰਗੂ ਸਿੰਘ, ਮਨਪ੍ਰੀਤ ਸਿੰਘ ਸਣੇ ਅੱਠ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਹੁਣ ਤੱਕ ਮੁਲਜ਼ਮਾਂ ਵਿੱਚੋਂ ਸੱਤ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਇੱਕ ਦੀ ਗ੍ਰਿਫਤਾਰੀ ਬਾਕੀ ਹੈ।
ਪੁਲੀਸ ਨੇ ਦੱਸਿਆ ਕਿ ਵਿਦੇਸ਼ੀ ਵਿਦਿਆਰਥੀ ਦੀ ਮੌਤ ਮਗਰੋਂ ਦਰਜ ਮਾਮਲੇ ਦੀਆਂ ਧਾਰਾਵਾਂ ਵਿੱਚ ਵਾਧਾ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।