ਡੀ ਆਈ ਜੀ ਦੇ ਘਰ ਤਾਇਨਾਤ ਏ ਐੱਸ ਆਈ ਨੇ ਖ਼ੁਦ ਨੂੰ ਗੋਲੀ ਮਾਰੀ
ਇਥੇ ਰਾਣੀ ਝਾਂਸੀ ਰੋਡ ’ਤੇ ਸਥਿਤ ਡੀ ਆਈ ਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਘਰ ਡਿਊਟੀ ’ਤੇ ਤਾਇਨਾਤ ਏ ਐੱਸ ਆਈ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਤੀਰਥ ਸਿੰਘ (50) ਵਜੋਂ ਹੋਈ ਹੈ ਅਤੇ ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਡੀ ਆਈ ਜੀ ਦੇ ਘਰ ਡਿਊਟੀ ’ਤੇ ਤਾਇਨਾਤ ਸੀ। ਏ ਐੱਸ ਆਈ ਨੇ ਅੱਜ ਤੜਕਸਾਰ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰੀ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ 8 ਦੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਤੀਰਥ ਸਿੰਘ ਮੁੱਲਾਂਪੁਰ ਦਾਖਾ ਇਲਾਕੇ ਦਾ ਸੀ। ਉਸ ਦੇ ਤਿੰਨ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ। ਪੁਲੀਸ ਅਨੁਸਾਰ ਤੀਰਥ ਸਿੰਘ ਡੀ ਆਈ ਜੀ ਘਰ ਵਿੱਚ ਸਟੋਰਕੀਪਰ ਸੀ। ਉਹ ਦੇਰ ਰਾਤ ਡਿਊਟੀ ’ਤੇ ਸੀ। ਅੱਜ ਤੜਕੇ 3 ਵਜੇ ਉਸ ਨੇ ਸ਼ੱਕੀ ਹਾਲਾਤ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਦਿੱਤੀ। ਏ ਸੀ ਪੀ ਸਿਵਲ ਲਾਈਨ ਗੁਰਇਕਬਾਲ ਸਿੰਘ ਅਨੁਸਾਰ ਖ਼ੁਦਕੁਸ਼ੀ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਿਆ।