ਥਾਣੇ ’ਚ ਪੱਤਰਕਾਰ ਤੇ ਵਕੀਲ ਨਾਲ ਏਐੱਸਆਈ ਵੱਲੋਂ ਦੁਰਵਿਹਾਰ
ਦੇਰ ਰਾਤ ਕਥਿਤ ਨਸ਼ੇੜੀ 8-10 ਮੁੰਡੇ ਦੋ ਸਕਾਰਪੀਓ ਵਿੱਚ ਅਜੀਤ ਨਗਰ ਸਥਿਤ ਪੀਜੀ ਵਿੱਚ ਕੁੜੀਆਂ ਨੂੰ ਛੱਡਣ ਲਈ ਆਏ ਤਾਂ ਉਸ ਵੇਲੇ ਹੀ ਉੱਥੇ ਇਕ ਹੋਰ ਨਸ਼ੇੜੀ ਉਨ੍ਹਾਂ ਮੁੰਡਿਆਂ ਖ਼ਿਲਾਫ਼ ਬੋਲਣ ਲੱਗਿਆ। ਇਸ ਦੌਰਾਨ ਲੜਾਈ ਸ਼ੁਰੂ ਹੋ ਗਈ। ਸਥਾਨਕ ਨਸ਼ੇੜੀ ਨੇ ਕੁੜੀਆਂ ਨੂੰ ਛੱਡਣ ਆਏ ਮੁੰਡਿਆਂ ’ਤੇ ਇੱਟਾਂ ਰੋੜੇ ਬਰਸਾਉਣੇ ਸ਼ੁਰੂ ਕਰ ਦਿੱਤੇ। ਮਗਰੋਂ ਦੋਵਾਂ ਧਿਰਾਂ ਵਿੱਚ ਪੱਥਰਬਾਜ਼ੀ ਹੋਈ। ਇਹ ਨੌਜਵਾਨ ਇੱਥੇ ਵੱਖ-ਵੱਖ ਸੰਸਥਾਵਾਂ ਵਿਚ ਕੋਚਿੰਗ ਲੈ ਰਹੇ ਹਨ। ਇਸ ਦੌਰਾਨ ਟ੍ਰਿਬਿਊਨ ਗਰੁੱਪ ਦੇ ਸਟਾਫ਼ ਰਿਪੋਰਟਰ ਮੋਹਿਤ ਖੰਨਾ ਦੀ ਕਾਰ ਨੁਕਸਾਨੀ ਗਈ। ਉਹ ਨੌਜਵਾਨਾਂ ਨਾਲ ਉਲਝਣ ਦੀ ਬਜਾਏ ਹਾਈ ਕੋਰਟ ਦੇ ਵਕੀਲ ਸੌਰਭ ਖੁੱਲਰ ਨੂੰ ਨਾਲ ਲੈ ਕੇ ਮਾਡਲ ਟਾਊਨ ਥਾਣੇ ਵਿੱਚ ਪੁੱਜਿਆ। ਉੱਥੇ ਮੁਨਸ਼ੀ ਡੀਡੀਆਰ ਲਿਖ ਹੀ ਰਿਹਾ ਸੀ ਕਿ ਏਐਸਆਈ ਆ ਗਿਆ। ਉਸ ਨੇ ਡੀਡੀਆਰ ਲਿਖਣ ਤੋਂ ਇਨਕਾਰ ਕੀਤਾ ਤੇ ਮੋਹਿਤ ਅਤੇ ਖੁੱਲਰ ਨਾਲ ਕਥਿਤ ਦੁਰਵਿਹਾਰ ਕੀਤਾ। ਇਸ ਦੌਰਾਨ ਉਸ ਨੇ ਉਲਟਾ ਪੱਤਰਕਾਰ ਤੇ ਵਕੀਲ ਖ਼ਿਲਾਫ਼ ਹੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਭਾਵੇਂ ਐੱਸਐੱਸਪੀ ਵਰੁਣ ਸ਼ਰਮਾ ਨੇ ਮਾਮਲੇ ਨੂੰ ਸੁਲਝਾਉਣ ਲਈ ਏਐੱਸਆਈ ਨੂੰ ਲਾਈਨ ਹਾਜ਼ਰ ਕਰਨ ਦੀ ਗੱਲ ਕੀਤੀ ਹੈ ਪਰ ਹਾਲੇ ਤੱਕ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਵਕੀਲ ਸੌਰਭ ਖੁੱਲਰ ਨੇ ਕਿਹਾ ਕਿ ਉਹ ਇਸ ਸਬੰਧੀ ਸਾਰੀ ਕਾਰਵਾਈ ਨੂੰ ਸਬੂਤਾਂ ਸਣੇ ਹਾਈ ਕੋਰਟ ਵਿੱਚ ਲੈ ਕੇ ਜਾਵੇਗਾ।