ਵੜਿੰਗ ਤੇ ਸਥਾਨਕ ਆਗੂਆਂ ਨਾਲ ਨਾਰਾਜ਼ਗੀ ਪਈ ਆਸ਼ੂ ਨੂੰ ਭਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਲੁਧਿਆਣਾ ਜ਼ਿਮਨੀ ਚੋਣ ਦੇ ਆਏ ਨਤੀਜੇ ਮਗਰੋਂ ਆਮ ਆਦਮੀ ਪਾਰਟੀ ਨੇ ਇਸ ਹਲਕੇ ਨੂੰ ਲਗਾਤਾਰ ਦੂਜੀ ਵਾਰ ਜਿੱਤਿਆ, ਜਦੋਂਕਿ ਕਾਂਗਰਸ ਇਸ ਹਲਕੇ ਨੂੰ ਲਗਾਤਾਰ ਦੂਜੀ ਵਾਰ ਵੱਡੇ ਫਰਕ ਨਾਲ ਹਾਰ ਗਈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਹਾਰ ਪਿੱਛੇ ਕਈ ਵੱਡੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਕਾਂਗਰਸ ਵਿੱਚ ਧੜੇਬੰਦੀ ਹੈ। ਆਸ਼ੂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਤੱਕ ਨੂੰ ਨਾਲ ਲੈ ਕੇ ਨਹੀਂ ਚੱਲੇ। ਇਹੀ ਨਹੀਂ ਸ਼ਹਿਰ ਦੇ ਹੀ ਸਾਬਕਾ ਵਿਧਾਇਕਾਂ ਤੇ ਆਗੂਆਂ ਨੂੰ ਵੀ ਆਸ਼ੂ ਨੇ ਚੋਣ ਪ੍ਰਚਾਰ ਦੇ ਨੇੜੇ ਨਹੀਂ ਲੱਗਣ ਦਿੱਤਾ। ਆਸ਼ੂ ਦੇ ਚੋਣ ਮੈਦਾਨ ਵਿੱਚ ਉਤਰਦੇ ਹੀ ਕਾਂਗਰਸ ਵਿੱਚ ਧੜੇਬੰਦੀ ਸ਼ੁਰੂ ਹੋ ਗਈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਅਤੇ ਹੋਰ ਆਗੂਆਂ ਨਾਲ ਆਸ਼ੂ ਦੇ ਘਰ ਪਹੁੰਚੇ ਅਤੇ ਆਸ਼ੂ ਉਨ੍ਹਾਂ ਨੂੰ ਨਾ ਮਿਲੇ ਅਤੇ 35 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਸਾਰਿਆਂ ਨੂੰ ਵਾਪਸ ਪਰਤਣਾ ਪਿਆ। ਆਸ਼ੂ ਨੇ ਸੋਸ਼ਲ ਮੀਡੀਆ ਰਾਹੀਂ ਤਾਂ ਇਹ ਕਿਹਾ ਸੀ ਕਿ ਘਰ ਆਉਣ ਲਈ ਧੰਨਵਾਦ, ਜੇ ਉਨ੍ਹਾਂ ਨੂੰ ਲੋੜ ਪਈ ਤਾਂ ਉਹ ਜ਼ਰੂਰ ਪੰਜਾਬ ਪ੍ਰਧਾਨ ਨੂੰ ਫ਼ੋਨ ਕਰਨਗੇ। ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਚੋਣ ਪ੍ਰਚਾਰ ਵਿੱਚ ਨਹੀਂ ਪਹੁੰਚੇ। ਕਾਂਗਰਸ ਵਿੱਚ ਧੜੇਬੰਦੀ ਉਦੋਂ ਹੋਰ ਵਧ ਗਈ ਜਦੋਂ ਸ਼ਹਿਰ ਵਿੱਚ ਚਰਚਾ ਹੋਈ ਕਿ ਆਸ਼ੂ ਨੇ ਹਾਈਕਮਾਂਡ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਅਤੇ ਸਥਾਨਕ ਆਗੂਆਂ ਨੂੰ ਪ੍ਰਚਾਰ ਤੋਂ ਦੂਰ ਰਹਿਣ ਲਈ ਕਿਹਾ। ਮਗਰੋਂ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਪੱਤਰ ਨਹੀਂ ਲਿਖਿਆ। ਆਸ਼ੂ ਦੇ ਪੁਰਾਣੇ ਦੋਸਤ ਬੈਂਸ ਭਰਾਵਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਆਸ਼ੂ ਦੀ ਬੈਂਸ ਭਰਾਵਾਂ ਨਾਲ ਪੁਰਾਣੀ ਦੋਸਤੀ ਸੀ ਪਰ ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨਾਲ ਨੇੜਤਾ ਕਾਰਨ, ਆਸ਼ੂ ਦੀ ਬੈਂਸ ਭਰਾਵਾਂ ਨਾਲ ਵੀ ਨਾਰਾਜ਼ਗੀ ਸ਼ੁਰੂ ਹੋ ਗਈ। ਬੈਂਸ ਆਸ਼ੂ ਨਾਲ ਉਦੋਂ ਹੋਰ ਵੀ ਨਾਰਾਜ਼ ਹੋ ਗਏ ਜਦੋਂ ਆਸ਼ੂ ਨੇ ਬੈਂਸ ਦੇ ਕੱਟੜ ਵਿਰੋਧੀ ਕਮਲਜੀਤ ਸਿੰਘ ਕੜਵਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਬੈਂਸ ਭਰਾਵਾਂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਉਸ ਤੋਂ ਬਾਅਦ ਦੋਵੇਂ ਬੈਂਸ ਭਰਾ ਚੋਣ ਪ੍ਰਚਾਰ ਵਿੱਚ ਨਹੀਂ ਆਏ।
ਆਸ਼ੂ ਦੇ ਕਰੀਬੀ ਦੋ ਸਾਬਕਾ ਕੌਂਸਲਰ ‘ਆਪ’ ਵਿੱਚ ਹੋਏ ਸਨ ਸ਼ਾਮਲ
ਜਦੋਂ ਆਸ਼ੂ ਨੇ ਕੁਝ ‘ਆਪ’ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਤਾਂ ‘ਆਪ’ ਵਿੱਚ ਰੌਲਾ ਪੈ ਗਿਆ। ਇਸ ਤੋਂ ਬਾਅਦ ‘ਆਪ’ ਨੇ ਆਸ਼ੂ ਦੇ ਕਰੀਬੀ ਮੰਨੇ ਜਾਂਦੇ ਦੋ ਸਾਬਕਾ ਕੌਂਸਲਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ। ‘ਆਪ’ ਨੇ ਆਸ਼ੂ ਦੇ ਸਾਥੀ ਅਤੇ ਜਵਾਹਰ ਨਗਰ ਕੈਂਪ ਤੋਂ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਅਤੇ ਸਾਬਕਾ ਕੌਂਸਲਰ ਸੁਨੀਲ ਕਪੂਰ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ। ਆਸ਼ੂ ਨੇ ਦੋਵਾਂ ਦੀ ਘਰ ਵਾਪਸੀ ਲਈ ਕੁੱਝ ਨਹੀਂ ਕੀਤਾ।