ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਚਾਰ ਦਹਾਕਿਆਂ ਬਾਅਦ ਬਦਲੇਗਾ ‘ਆਰਟ ਐਂਡ ਕਰਾਫਟ’ ਦਾ ਪਾਠਕ੍ਰਮ

ਐੱਸ ਸੀ ਈ ਆਰ ਟੀ ਵੱਲੋਂ ਇਤਿਹਾਸਕ ਪ੍ਰਾਜੈਕਟ ਦੀ ਸ਼ੁਰੂਆਤ
Advertisement

ਕਰਮਜੀਤ ਸਿੰਘ ਚਿੱਲਾ

ਪੰਜਾਬ ਸਕੂਲ ਸਿੱਖਿਆ ਖੋਜ ਅਤੇ ਟ੍ਰੇਨਿੰਗ ਕੌਂਸਲ (ਐੱਸ ਸੀ ਈ ਆਰ ਟੀ) ਪੰਜਾਬ ਨੇ ਰਾਜ ਦੀ ਆਰਟ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਅਤੇ ਇਤਿਹਾਸਕ ਬਦਲਾਅ ਦੀ ਸ਼ੁਰੂਆਤ ਕੀਤੀ ਹੈ। 40 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਆਪਣੇ ‘ਆਰਟ ਐਂਡ ਕਰਾਫਟ’ ਪਾਠਕ੍ਰਮ ਅਤੇ ਕਿਤਾਬਾਂ ਅਪਗ੍ਰੇਡ ਕਰ ਰਿਹਾ ਹੈ। ਇਸ ਦਾ ਮਕਸਦ ਕਲਾਸਰੂਮ ਦੀ ਪੜ੍ਹਾਈ ਨੂੰ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਧੁਨਿਕ ਵਿਦਿਅਕ ਤਕਨੀਕਾਂ ਨਾਲ ਜੋੜਨਾ ਹੈ। ਇਸ ਪ੍ਰਾਜੈਕਟ ਲਈ ਐੱਸ ਸੀ ਈ ਆਰ ਟੀ ਨੇ ਕੌਮੀ ਪੱਧਰ ਦੀ ਸੰਸਥਾ ‘ਸਲੈਮ ਆਊਟ ਲਾਊਡ’ ਦਾ ਸਹਿਯੋਗ ਲਿਆ ਹੈ, ਜੋ ਕਲਾ-ਆਧਾਰਿਤ ਅਤੇ ਸਮਾਜਿਕ-ਭਾਵਨਾਤਮਕ ਸਿਖਲਾਈ ਲਈ ਜਾਣੀ ਜਾਂਦੀ ਹੈ। ਪਾਠਕ੍ਰਮ ਸੁਧਾਰ ਲਈ ‘ਪ੍ਰਾਜੈਕਟ ਮੈਨੇਜਮੈਂਟ ਯੂਨਿਟ’ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਸ਼ਾਮਲ ਹੈ। ਕੋਰ ਕਮੇਟੀ ਦੀ ਅਗਵਾਈ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਕਰ ਰਹੇ ਹਨ। ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੀਆਂ ‘ਆਰਟ ਐਂਡ ਕਰਾਫਟ’ ਕਿਤਾਬਾਂ 40 ਸਾਲਾਂ ਤੋਂ ਬਦਲੀਆਂ ਨਹੀਂ ਗਈਆਂ। ਇਹ ਕਮੀ ਦੂਰ ਕਰਨ ਲਈ ਕਮੇਟੀ ਨੇ ਪੰਜਾਬ ਦੇ ਅਮੀਰ ਵਿਰਸੇ ਅਤੇ ਸਥਾਨਕ ਕਲਾਵਾਂ ਸੁਰਜੀਤ ਕਰਨ ਲਈ ਖੋਜ-ਆਧਾਰਿਤ ਅਤੇ ਸੱਭਿਆਚਾਰਕ ਤੌਰ ’ਤੇ ਜੁੜੇ ਨਵੇਂ ਪਾਠਕ੍ਰਮ ਦੀ ਲੋੜ ’ਤੇ ਜ਼ੋਰ ਦਿੱਤਾ। ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਨੇ ਕਿਹਾ ਕਿ ਕਲਾ ਸਿਰਫ਼ ਵੱਖਰਾ ਵਿਸ਼ਾ ਨਹੀਂ, ਸਗੋਂ ਹਰ ਵਿਸ਼ੇ ਦਾ ਅਨਿੱਖੜਵਾਂ ਅੰਗ ਹੈ। ‘ਆਰਟ ਇੰਟੀਗ੍ਰੇਟਿਡ ਐਜੂਕੇਸ਼ਨ’ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅਸਲ ਜਗਤ ਨਾਲ ਜੋੜਨ ਲਈ ਬਹੁਤ ਜ਼ਰੂਰੀ ਹੈ।

Advertisement

Advertisement
Show comments