ਖੰਨਾ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ
ਇੱਕ ਪਾਸੇ ਪੰਜਾਬ ਦੇ ਬਹੁਗਿਣਤੀ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਦੂਜੇ ਪਾਸੇ ਏਸ਼ੀਆ ਦੀ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਅਨਾਜ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ।
ਮੰਡੀ ਵਿੱਚ ਪੁੱਜੀ ਬਾਸਮਤੀ 1509 ਝੋਨੇ ਦੀ ਫ਼ਸਲ ਦਾ ਜਿੱਥੇ ਝਾੜ ਘੱਟ ਨਿਕਲ ਰਿਹਾ ਹੈ ਉੱਥੇ ਹੀ ਕੁਆਲਿਟੀ ਦਾ ਵੀ ਫਰਕ ਨਜ਼ਰ ਆ ਰਿਹਾ ਹੈ। ਜਿਸ ਕਾਰਨ ਇਸ ਦੇ ਭਾਅ ’ਤੇ ਵੀ ਅਸਰ ਪਵੇਗਾ ਕਿਉਂਕਿ ਬਾਸਮਤੀ ਦੀ ਖ਼ਰੀਦ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਸਿਰਫ਼ ਵਪਾਰੀ ਇਸਦੇ ਖ਼ਰੀਦਦਾਰ ਹਨ।
ਮੰਡੀ ਵਿਚ ਫ਼ਸਲ ਲੈ ਕੇ ਪੁੱਜੇ ਪਿੰਡ ਹਰਬੰਸਪੁਰਾ ਦੇ ਕਿਸਾਨ ਚਮਕੌਰ ਸਿੰਘ ਅਤੇ ਸੁਖਵੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਵਾਰ ਪ੍ਰਤੀ ਏਕੜ 7 ਤੋਂ 8 ਕੁਇੰਟਲ ਫ਼ਸਲ ਦਾ ਝਾੜ ਘੱਟ ਨਿਕਲ ਰਿਹਾ ਹੈ ਅਤੇ ਕੁਆਲਿਟੀ ਚੰਗੀ ਨਾ ਹੋਣ ਕਾਰਨ ਉਨ੍ਹਾਂ ਦਾ ਆਰਥਿਕ ਤੌਰ ’ਤੇ ਨੁਕਸਾਨ ਹੋਵੇਗਾ, ਜਦੋਂ ਕਿ ਪਿਛਲੇ ਸਾਲ 22 ਤੋਂ 25 ਕੁਇੰਟਲ ਦੇ ਕਰੀਬ ਝਾੜ ਨਿਕਲਿਆ ਸੀ।
ਉਨ੍ਹਾਂ ਕਿਹਾ ਕਿ ਇਹ ਫ਼ਸਲ 90 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਰੰਤੂ ਇਸ ਵਾਰ ਮੀਂਹ ਕਾਰਨ ਵਾਢੀ ਸਮੇਂ ਸਿਰ ਨਹੀਂ ਹੋ ਸਕੀ. ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਭੁਗਤਣਾ ਪਵੇਗਾ।
ਉਨ੍ਹਾਂ ਮੰਗ ਕੀਤੀ ਕਿ ਬਾਸਮਤੀ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਬੋਨਸ ਦਵੇ।
ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ 2 ਹਜ਼ਾਰ ਕੁਇੰਟਲ ਦੇ ਕਰੀਬ ਬਾਸਮਤੀ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਦਾ ਭਾਅ 2700 ਤੋਂ 3250 ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਝੋਨੇ ਦੀ ਆਮਦ ਤੇਜ਼ ਹੋਣ ਦੀ ਉਮੀਦ ਹੈ ਅਤੇ ਉਨ੍ਹਾਂ ਵੱਲੋਂ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।