ਲੁਧਿਆਣਾ ਵਿੱਚ ISI ਦੇ ਤਿੰਨ ਏਜੰਟ ਗ੍ਰਿਫਤਾਰ
ਗ੍ਰਿਫ਼ਤਾਰ ਕੀਤੇ ਤਿੰਨ ਏਜੰਟਾਂ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਮਗੜ੍ਹ ਝੁੱਗਾ ਦੇ ਕੁਲਦੀਪ ਸਿੰਘ, ਰਮਨੀਕ ਸਿੰਘ ਉਰਫ ਅਮਰੀਕ ਅਤੇ ਪਿੰਡ ਪਨੀ ਵਾਲਾ ਦੇ ਪਰਵਿੰਦਰ ਸਿੰਘ ਉਰਫ ਚਿੜ੍ਹੀ ਵਜੋਂ ਹੋਈ ਹੈ। ਦੋ ਫਰਾਰ ਮੁਲਜ਼ਮਾਂ ਵਿੱਚੋਂ ਇੱਕ ਰਾਮਗੜ੍ਹ ਝੁੱਗਾ ਦਾ ਸ਼ੇਖਰ ਸਿੰਘ ਅਤੇ ਦੂਜਾ ਬਧਾਈਆਂ ਦਾ ਅਜੈ ਹੈ। ਪੁਲੀਸ ਦੀਆਂ ਕਈ ਟੀਮਾਂ ਇਨ੍ਹਾਂ ਦੋਵਾਂ ਦੀ ਭਾਲ ਵਿੱਚ ਲੱਗੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਦੀ ਨਫਰੀ ਵਧਾ ਦਿੱਤੀ ਗਈ ਹੈ।
ਪੁਲੀਸ ਮੁਤਾਬਕ ਸੋਮਵਾਰ ਨੂੰ ਨੂਰਵਾਲਾ ਰੋਡ ਨੇੜੇ ਪਾਣੀ ਵਾਲੀ ਟੈਂਕੀ ਨੇੜੇ ਦਲਬੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੂਲੀਸ ਨੂੰ ਸੂਚਨਾ ਮਿਲੀ ਕਿ ਆਈਐਸਆਈ ਨਾਲ ਸਬੰਧਤ ਮੁਲਜ਼ਮ ਸ਼ਹਿਰ ਵਿੱਚ ਧਮਾਕੇ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਪੁਲੀਸ ਨੇ ਸ਼ਿਵਪੁਰੀ ਚੌਕੀ ਕੋਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਨਾਂ ਵਿੱਚੋਂ ਦੋ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਏਜੰਟ ਸਨ। ਦੋ ਦਿਨ ਪਹਿਲਾਂ ਵੀ ਪੰਜਾਬ ਪੁਲੀਸ ਨੇ ਹੈਂਡ ਗ੍ਰਨੇਡ ਨਾਲ ਕੁਝ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕਰਕੇ ਪੁਲੀਸ ਪੂਰੀ ਤਰ੍ਹਾਂ ਅਲਰਟ ਸੀ। ਗ੍ਰਿਫਤਾਰ ਕੀਤੇ ਤਿੰਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
