ਤਬੀਅਤ ਖ਼ਰਾਬ ਹੋਣ ਕਾਰਨ ਫੌਜੀ ਜਵਾਨ ਦੀ ਲੇਹ ’ਚ ਮੌਤ
ਪਿੰਡ ਲਾਲੜੂ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ; ਪ੍ਰਸ਼ਾਸਨ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੌਕੇ ’ਤੇ ਨਾ ਪੁੱਜਿਆ
Advertisement
ਪਿੰਡ ਲਾਲੜੂ ਦੇ ਵਸਨੀਕ ਲਾਂਸ ਨਾਇਕ ਗਗਨਦੀਪ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਲੇਹ ਵਿੱਚ ਮੌਤ ਹੋ ਗਈ। ਉਹ ਫੌਜ ਦੀ ਬੰਬੇ ਇੰਜਨੀਅਰ ਕੋਰ ਵਿੱਚ ਤਾਇਨਾਤ ਸੀ। ਚਾਰ ਅਕਤੂਬਰ ਨੂੰ ਮੌਸਮ ਖਰਾਬ ਹੋਣ ਕਾਰਨ ਉਸ ਦੀ ਤਬੀਅਤ ਵਿਗੜ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦਾ ਅੱਜ ਇੱਥੇ ਲਾਲੜੂ ਦੇ ਸ਼ਮਸ਼ਾਨਘਾਟ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪਿਤਾ ਨਸੀਬ ਸਿੰਘ , ਮਾਤਾ ਅਤੇ ਭੈਣ ਸਣੇ ਹੋਰ ਸਕੇ ਸਬੰਧੀ ਹਾਜ਼ਰ ਸਨ। ਫੌਜ ਦੇ ਜਵਾਨਾਂ ਨੇ ਹਵਾਈ ਫਾਇਰ ਕਰਕੇ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ।
ਇਸ ਦੌਰਾਨ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਕਿਹਾ ਕਿ ਅੱਜ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਗਗਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪੁੱਜਿਆ। ਮ੍ਰਿਤਕ ਗਗਨਦੀਪ ਸਿੰਘ (25) ਦੇ ਪਿਤਾ ਨਸੀਬ ਸਿੰਘ ਨੇ ਉਸ ਦੀ ਚਿਖਾ ਨੂੰ ਅਗਨੀ ਦਿਖਾਈ। ਗਗਨਦੀਪ ਦਾ ਵੱਡਾ ਭਰਾ ਵੀ ਫੌਜ ਵਿੱਚ ਤਾਇਨਾਤ ਹੈ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਗਗਨਦੀਪ ਸਿੰਘ 26 ਅਪਰੈਲ 2024 ਤੋਂ ਲੇਹ ਵਿੱਚ ਤਾਇਨਾਤ ਸੀ ਅਤੇ ਉਹ 114 ਬੰਬੇ ਇੰਜਨੀਅਰ ਕੋਰ ਵਿੱਚ ਤਾਇਨਾਤ ਸੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ, ਕੌਂਸਲਰ ਤ੍ਰਿਪਤਾ ਦੇਵੀ ਦੇ ਪਤੀ ਦੇਵੀ ਦਿਆਲ, ਸਾਬਕਾ ਸਰਪੰਚ ਨਿਰਮਲ ਸਿੰਘ ਰਾਠੀ , ਸਾਬਕਾ ਪ੍ਰਧਾਨ ਨਗਰ ਕੌਂਸਲ ਬੁੱਲੂ ਸਿੰਘ ਰਾਣਾ ਹਾਜ਼ਰ ਸਨ।
Advertisement
Advertisement