ਨਿੱਜਰਪੁਰਾ ਟੌਲ ਪਲਾਜ਼ਾ ’ਤੇ ਫੌਜੀ ਜਵਾਨ ਉੱਤੇ ਹਮਲਾ
ਇਥੋਂ ਨੇੜੇ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਬੀਤੀ ਰਾਤ ਇੱਕ ਫੌਜੀ ਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਵੈਟਨਰਜ਼ ਵੈਲਫੇਅਰ ਆਰਗਨਾਈਜੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦਿਲਬਾਗ ਸਿੰਘ ਤੇ ਸਿੱਖ ਸਦਭਾਵਨਾ ਦਲ ਭਾਈ ਬਲਦੇਵ ਸਿੰਘ ਵਡਾਲਾ ਦੀ ਸੰਸਥਾ ਵੱਲੋਂ ਕੈਪਟਨ ਨਿਰਮਲ ਸਿੰਘ ਨੇ ਦੋਸ਼ ਲਾਇਆ ਕਿ ਬੀਤੀ ਰਾਤ ਜੰਡਿਆਲਾ ਗੁਰੂ ਨੇੜੇ ਨਿੱਜਰਪੂਰਾ ਟੌਲ ਪਲਾਜ਼ਾ ’ਤੇ ਲੰਘਣ ਮੌਕੇ ਟੌਲ ਪਲਾਜ਼ਾ ਦੇ 10-15 ਮੁਲਾਜ਼ਮਾਂ ਨੇ ਫੌਜੀ ਜਵਾਨ ਮਨਿੰਦਰਜੀਤ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਦਿਲਬਾਗ ਸਿੰਘ ਤੇ ਕੈਪਟਨ ਜਸਵੰਤ ਸਿੰਘ ਨੇ ਕਿਹਾ ਕਿ ਬੀਤੀ ਰਾਤ 117 ਇੰਜਨੀਅਰ ਰੈਜੀਮੈਂਟ ਦਾ ਜਵਾਨ ਮਨਿੰਦਰਜੀਤ ਸਿੰਘ ਟਰਾਂਸਫਰ ਹੋਣ ਮਗਰੋਂ ਦੂਸਰੀ ਥਾਂ ’ਤੇ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਲਗਪਗ ਛੇ ਵਜੇ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਉਸ ’ਤੇ ਹਮਲਾ ਕੀਤਾ ਗਿਆ। ਉਸਦੇ ਸਿਰ, ਹੱਥ ਤੇ ਬਾਂਹ ’ਤੇ ਸੱਟਾਂ ਲੱਗੀਆਂ ਹਨ। ਇਸ ਸਬੰਧੀ ਉਹ ਟੌਲ ਪਲਾਜ਼ਾ ਦੇ ਮੈਨੇਜਰ ਰਾਜੇਸ਼ ਕੁਮਾਰ ਨੂੰ ਵੀ ਮਿਲੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਰ ਵੱਲੋਂ ਇਸ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਸਰਕਾਰ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜੰਡਿਆਲਾ ਗੁਰੂ ਦੇ ਡੀਐੱਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ।