ਹੜ੍ਹ ਪ੍ਰਭਾਵਿਤ ਸੁਲਤਾਨਪੁਰ ਲੋਧੀ ’ਚ ਫੌ਼ਜ ਸੱਦੀ
ਸੁਲਤਾਨਪੁਰ ਲੋਧੀ ਖੇਤਰ ਵਿੱਚ ਹੜ੍ਹ ਕਾਰਨ ਕਪੂਰਥਲਾ ਦੇ ਡੀਸੀ ਅਮਿਤ ਪੰਚਾਲ ਨੇ ਫੌਜ ਸੱਦ ਲਈ ਹੈ। ਬਿਆਸ ਦਰਿਆ ਵਿੱਚ ਹੜ੍ਹ ਦਾ ਪਾਣੀ 2 ਲੱਖ 30 ਹਜ਼ਾਰ ਕਿਊਸਕ ਤੋਂ ਵੱਧ ਹੋਣ ਨਾਲ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੇ ਆਪਣਾ ਮਾਲ-ਡੰਗਰ ਸੁਰੱਖਿਅਤ ਥਾਵਾਂ ’ਤੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਖੇਤਾਂ ਵਿੱਚ ਪਾਣੀ ਦਾ ਪੱਧਰ 10 ਫੁੱਟ ਤੋਂ ਵੱਧ ਦੱਸਿਆ ਜਾ ਰਿਹਾ ਹੈ। ਲੰਘੀ ਰਾਤ ਘਰਾਂ ਵਿੱਚ ਦੋ-ਦੋ ਫੁੱਟ ਪਾਣੀ ਚੜ੍ਹ ਗਿਆ ਹੈ। ਇਸ ਸਥਿਤੀ ਵਿੱਚ ਹੁਣ ਲੋਕਾਂ ਨੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਇੱਛਾ ਪ੍ਰਗਟਾਈ ਹੈ ਜਦਕਿ ਪਹਿਲਾਂ ਉਹ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਸਨ।
ਅੱਜ ਬਾਅਦ ਦੁਪਹਿਰ ਫੌਜ ਨੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਖੇਤਰ ਬਾਊਪੁਰ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਬਚਾਉਣ ਦਾ ਮੋਰਚਾ ਸੰਭਾਲ ਲਿਆ ਹੈ। ਫੌਜ ਦੇ ਜਵਾਨ ਕਿਸ਼ਤੀਆਂ ਨਾਲ ਸਬੰਧਤ ਖੇਤਰਾਂ ਵਿੱਚ ਪਹੁੰਚ ਗਏ। ਫੌਜ ਦੇ ਨਾਲ ਪ੍ਰਸ਼ਾਸਨ ਦੀਆਂ ਟੀਮਾਂ ਵੀ ਤਾਇਨਾਤ ਹਨ। ਫੌਜ ਦੀਆਂ ਅੱਧੀ ਦਰਜਨ ਤੋਂ ਵੱਧ ਗੱਡੀਆਂ ਬਾਊਪੁਰ ਪੁਲ ’ਤੇ ਪਹੁੰਚ ਗਈਆਂ ਹਨ। ਇਨ੍ਹਾਂ ਗੱਡੀਆਂ ਵਿੱਚ ਵੱਡੀਆਂ ਮੋਟਰ ਬੋਟਾਂ ਲੱਦੀਆਂ ਹੋਈਆਂ ਸਨ। ਹੜ੍ਹਾਂ ਦੌਰਾਨ ਰਾਹਤ ਕਾਰਜਾਂ ਵਿੱਚ ਸਹਾਈ ਹੋਣ ਵਾਲਾ ਸਾਰਾ ਸਾਜ਼ੋ-ਸਾਮਾਨ ਵੀ ਫੌਜ ਦੇ ਟੱਰਕਾਂ ਵਿੱਚ ਲੱਦਿਆ ਹੋਇਆ ਸੀ। ਉਧਰ, ਡੀਸੀ ਨੇ ਦੱਸਿਆ ਕਿ ਐੱਸਡੀਆਰਐੱਫ ਦੀ ਟੀਮ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ 100 ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਨੇ ਅੱਜ ਸ਼ਾਮ ਤੱਕ 120 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਅੱਜ ਸੁੱਖ ਦਾ ਸਾਹ ਲਿਆ ਕਿਉਂਕਿ ਅੱਜ ਮੀਂਹ ਰੁਕ ਗਿਆ ਅਤੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਉਧਰ, ਧੁੱਸੀ ਬੰਨ੍ਹ ਵਿੱਚ ਕਿਸਾਨਾਂ ਵੱਲੋਂ ਬਣਾਏ ਅਸਥਾਈ ਬੰਨ੍ਹ ਵਿੱਚ ਪਾੜ 700 ਫੁੱਟ ਤੱਕ ਚੌੜਾ ਹੋ ਗਿਆ ਹੈ, ਜੋ ਸਰਕਾਰੀ ਸੂਤਰਾਂ ਅਨੁਸਾਰ ਹੋਰ ਵੀ ਚੌੜਾ ਹੋ ਗਿਆ ਹੈ।