ਹਥਿਆਰ ਤਸਕਰੀ ਦਾ ਪਰਦਾਫਾਸ਼
ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨੀ ਤਸਕਰ ਦੇ ਕਹਿਣ ’ਤੇ ਕੰਮ ਕਰ ਰਹੇ ਸਨ। ਇਹ ਹਥਿਆਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਮੰਗਾ ਦੇ ਕਰੀਬੀ ਸਾਥੀ ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸਨ। ਸੀ ਆਈ ਅੰਮ੍ਰਿਤਸਰ ਨੂੰ ਜਾਣਕਾਰੀ ਮਿਲੀ ਸੀ ਵਿਦੇਸ਼ ਰਹਿੰਦਾ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਮੰਗਾ ਆਪਣੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਅਤੇ ਹਰਮੀਤ ਸਿੰਘ ਉਰਫ ਮੀਤੂ ਰਾਹੀਂ ਸੂਬੇ ਵਿੱਚ ਗਰੋਹ ਚਲਾ ਰਿਹਾ ਹੈ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜੋ ਸਰਹੱਦ ਪਾਰੋਂ ਪਿੰਡ ਭਿੰਡੀ ਔਲਖ ਦੇ ਖੇਤਰ ਵਿੱਚ ਡਰੋਨ ਦੀ ਮਦਦ ਨਾਲ ਪਹੁੰਚਾਈ ਗਈ ਸੀ। ਇਸ ਨੂੰ ਅੱਗੇ ਸ਼ੇਰਪ੍ਰੀਤ ਦੇ ਸਾਥੀ ਦਵਿੰਦਰ ਸਿੰਘ ਤੱਕ ਪਹੁੰਚਾਉਣਾ ਸੀ। ਪੁਲੀਸ ਟੀਮਾਂ ਨੇ ਅੰਮ੍ਰਿਤਸਰ ਦਿਹਾਤੀ ਦੇ ਚੋਗਾਵਾਂ ’ਚ ਗੁਰਦੁਆਰਾ ਬਾਬਾ ਮੋਹਰੀ ਜੀ ਨੇੜਿਓਂ ਮੁਲਜ਼ਮਾਂ ਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਸ਼ੇਰਪ੍ਰੀਤ ਸਿੰਘ ਉਰਫ ਗੁਲਾਬਾ ਵਿਰੁੱਧ ਪਹਿਲਾਂ ਹੀ ਗੈਰ-ਕਾਨੂੰਨੀ ਹਥਿਆਰ ਰੱਖਣ, ਚੋਰੀ, ਲੁੱਟ-ਖੋਹ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸਬੰਧੀ ਸੱਤ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਇਸ ਸਬੰਧੀ ਕੇਸ ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਅੰਮ੍ਰਿਤਸਰ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ 25 (1-ਏ) ਅਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 61 (2) ਤਹਿਤ ਕੇਸ ਦਰਜ ਕੀਤਾ ਗਿਆ ਹੈ।
 
 
             
            