ਅਰਜਨਟੀਨਾ ਦਾ ਵਫ਼ਦ ਪੰਜਾਬ ਦੀ ਖਰੀਦ ਪ੍ਰਣਾਲੀ ਤੋਂ ਪ੍ਰਭਾਵਿਤ
ਜੋਗਿੰਦਰ ਸਿੰਘ ਓਬਰਾਏ
ਸੈਂਟਰੋ ਐਗਰੋਟੈਕਨੀਕੋ ਰੀਜਨਲ ਅਰਜਨਟੀਨਾ ਤੋਂ ਭਾਰਤ ਆਇਆ ਵਫ਼ਦ ਪੰਜਾਬ ਦੀ ਖੇਤੀਬਾੜੀ, ਸੱਭਿਆਚਾਰ ਅਤੇ ਵਿਰਾਸਤ ਦੇਖਣ ਲਈ ਪੰਜਾਬ ਦੇ ਦੌਰੇ ’ਤੇ ਹੈ। ਵਫ਼ਦ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਤੋਂ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਖਾਸ ਤੌਰ ’ਤੇ ਕਿਸਾਨਾਂ ਅਤੇ ਆੜ੍ਹਤੀਆਂ ਵਿਚਾਲੇ ਡੂੰਘੀ ਭਾਈਚਾਰਕ ਸਾਂਝ ਅਤੇ ਭਰੋਸੇ ਦੀ ਸ਼ਲਾਘਾ ਕੀਤੀ।
ਵਫ਼ਦ ਨੂੰ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਅਨਾਜ ਮੰਡੀ ਦੀ ਪ੍ਰਕਿਰਿਆ ਵਿਵਸਥਿਤ ਢੰਗ ਨਾਲ ਚੱਲਦੀ ਹੈ, ਜਿਸ ਵਿੱਚ ਪੰਜਾਬ ਸਰਕਾਰ, ਮੰਡੀ ਬੋਰਡ, ਆੜ੍ਹਤੀਏ ਅਤੇ ਕਿਸਾਨ ਸ਼ਾਮਲ ਹੁੰਦੇ ਹਨ। ਹਰ ਫ਼ਸਲ ਦੇ ਸੀਜ਼ਨ ਵਿੱਚ ਸਰਕਾਰ ਵੱਲੋਂ ਖਰੀਦ ਦੀਆਂ ਤਰੀਕਾਂ ਐਲਾਨੀਆਂ ਜਾਂਦੀਆਂ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਮੰਡੀ ਬੋਰਡ ਨਾਲ ਮਿਲ ਕੇ ਸਾਰੀਆਂ ਤਿਆਰੀਆਂ ਕਰਦਾ ਹੈ। ਇਸ ਵਿੱਚ ਮੰਡੀਆਂ ਦੀ ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ ਅਤੇ ਕਿਸਾਨਾਂ ਲਈ ਬੈਠਣ ਦੀਆਂ ਥਾਵਾਂ ਦੇ ਪ੍ਰਬੰਧ ਸ਼ਾਮਲ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਫ਼ਸਲ ਪੱਕਣ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਟਰਾਲੀਆਂ ਵਿੱਚ ਲੱਦ ਕੇ ਅਨਾਜ ਮੰਡੀ ਵਿੱਚ ਲੈ ਕੇ ਆਉਂਦੇ ਹਨ। ਕਈ ਵਾਰ ਬਾਰਿਸ਼ ਜਾਂ ਨਮੀ ਜ਼ਿਆਦਾ ਹੋਣ ਕਾਰਨ ਫ਼ਸਲ ਦੀ ਆਮਦ ਵਿੱਚ ਦੇਰੀ ਹੋ ਸਕਦੀ ਹੈ। ਇਸ ਮਗਰੋਂ ਮੰਡੀ ਵਿੱਚ ਨਮੀ ਦੀ ਮਾਤਰਾ ਦੀ ਜਾਂਚ ਕੀਤੀ ਜਾਂਦੀ ਹੈ। ਸਰਕਾਰੀ ਖਰੀਦ ਏਜੰਸੀਆਂ ਫ਼ਸਲ ਦੀ ਗੁਣਵੱਤਾ ਦੀ ਜਾਂਚ ਕਰਦੀਆਂ ਹਨ ਅਤੇ ਫ਼ਸਲ ਦੀ ਖਰੀਦ ਹੋਣ ਤੋਂ ਬਾਅਦ ਇਸ ਦੀ ਤੁਲਾਈ ਕੀਤੀ ਜਾਂਦੀ ਹੈ। ਮਗਰੋਂ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਭੁਗਤਾਨ ਕਰਦੀ ਹੈ। ਇਸ ਵਫ਼ਦ ਵਿੱਚ ਸ਼੍ਰੀਮਤੀ ਹਿਊਬਰ, ਕੈਟਾਲੀਨਾ ਫੇਲੀਸਾ, ਕੈਸਲ, ਜੁਆਨ ਪਾਬਲੋ, ਲੈਂਡਾਬੁਰੂ, ਹਰਮਸ, ਕਿਆਰਾ ਆਇਮਾਰਾ ਵਿਕਟੋਰੀਆ ਤੇ ਹੋਰ ਸ਼ਾਮਲ ਹਨ।