ਮੁਸਤਫ਼ਾ ਦੇ ਪੁੱਤਰ ਅਕੀਲ ਅਖ਼ਤਰ ਨਮਿਤ ਦੁਆ
ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖ਼ਤਰ ਦੀ ਆਤਮਿਕ ਸ਼ਾਂਤੀ ਲਈ ਅੱਜ ਇਥੇ ਮਾਲੇਰਕੋਟਲਾ ਹਾਊਸ ਵਿੱਚ ਇੱਜ਼ਤਮਾਈ ਦੁਆ ਕੀਤੀ ਗਈ। ਇਸ ਮੌਕੇ ਮੁਫ਼ਤੀ-ਏ-ਪੰਜਾਬ ਮੌਲਾਨਾ ਇਰਤਕਾ-ਉਲ-ਹਸਨ ਕਾਂਧਲਵੀ ਨੇ ਪਵਿੱਤਰ ਕੁਰਾਨ ਦੀ ਰੌਸ਼ਨੀ ਵਿੱਚ ਜ਼ਿੰਦਗੀ ਅਤੇ ਮੌਤ ਬਾਰੇ ਵਿਚਾਰ ਕਰਨ ਦੇ ਨਾਲ ਮਰਹੂਮ ਦੀ ਆਤਮਿਕ ਸ਼ਾਂਤੀ ਲਈ ਦੁਆ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬੀਬੀ ਰਾਜਿੰਦਰ ਕੌਰ ਭੱਠਲ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਡੀ ਜੀ ਪੀ ਹਰਪ੍ਰੀਤ ਸਿੰਘ ਸਿੱਧੂ, ਏ ਡੀ ਜੀ ਪੀ, ਐੱਮ ਐੱਫ ਫਾਰੂਕੀ, ਪਰਗਟ ਸਿੰਘ, ਯੂਪੀ ਦੇ ਕਰਾਨਾ ਤੋਂ ਸੰਸਦ ਮੈਂਬਰ ਇਕਰਾ ਹਸਨ, ਲੋਕ ਸਭਾ ਮੈਂਬਰ ਅਮਰ ਸਿੰਘ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਜਸਵੀਰ ਸਿੰਘ ਡਿੰਪਾ, ਪ੍ਰੇਮ ਸਿੰਘ ਚੰਦੂਮਾਜਰਾ, ਕੁਲਦੀਪ ਸਿੰਘ ਵੈਦ, ਭਾਜਪਾ ਆਗੂ ਅਰਵਿੰਦ ਖੰਨਾ, ਗੁਰਪ੍ਰੀਤ ਸਿੰਘ ਕੋਟਲੀ, ਭਾਰਤ ਭੂਸ਼ਨ ਆਸ਼ੂ, ਹਰਮਿੰਦਰ ਸਿੰਘ ਜੱਸੀ ਤੇ ਕੁਲਵੀਰ ਸਿੰਘ ਜ਼ੀਰਾ ਅਤੇ ਇਲਾਕੇ ਭਰ ਤੋਂ ਰਜ਼ੀਆ ਪਰਿਵਾਰ ਦੇ ਵੱਡੀ ਗਿਣਤੀ ਸਨੇਹੀਆਂ ਨੇ ਮਰਹੂਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਪਾਰਟੀ ਮੁਹੰਮਦ ਮੁਸਤਫ਼ਾ ਅਤੇ ਰਜ਼ੀਆ ਸੁਲਤਾਨਾ ਦੇ ਪਰਿਵਾਰ ਨਾਲ ਖੜ੍ਹੀ ਹੈ। ਮੁਸਤਫ਼ਾ-ਰਜ਼ੀਆ ਪਰਿਵਾਰ ਲਗਾਏ ਝੂਠੇ ਦੋਸ਼ਾਂ ਵਿੱਚ ਨਿਰਦੋਸ਼ ਸਾਬਤ ਹੋਣਗੇ।
