‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪੈੜ ਨੱਪਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ
ਪੰਜਾਬ ਸਰਕਾਰ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਪਤਾ ਲਗਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਵਿਚ ਪੰਜਾਬ ਸਰਕਾਰ ਨੇ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਤਾਇਨਾਤ ਕੀਤਾ ਹੈ। ਇਹ ਘਟਨਾਕ੍ਰਮ ਮੰਗਲਵਾਰ ਨੂੰ ਕਰਨਾਲ ਦੇ ਡਾਬਰੀ ਪਿੰਡ ਵਿੱਚ ਹੋਏ ਵੱਡੇ ਡਰਾਮੇ ਤੋਂ ਕਰੀਬ 24 ਘੰਟੇ ਬਾਅਦ ਸਾਹਮਣੇ ਆਈ ਹੈ। ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਸੋਮਵਾਰ ਨੂੰ ਜ਼ੀਰਕਪੁਰ ਦੀ ਇੱਕ ਮਹਿਲਾ ਦੀ ਸ਼ਿਕਾਇਤ 'ਤੇ ਪਟਿਆਲਾ ਵਿੱਚ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਪੰਜਾਬੀ ਪੁਲੀਸ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਕਰਨਾਨ ਦੇ ਪਿੰਡ ਡਾਬਰੀ ਪਹੁੰਚੀ ਸੀ, ਪਰ ਉਥੇ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱੱਕਾਮੁੱਕੀ ਕਰਕੇ ਪਠਾਣਮਾਜਰਾ ਉਥੋਂ ਸਫ਼ੇਦ ਰੰਗ ਦੀ ਐੱਸਯੂਵੀ ਵਿਚ ਭੱਜਣ ’ਚ ਸਫ਼ਲ ਰਿਹਾ।
ਪੁਲੀਸ ਮੁਲਾਜ਼ਮਾਂ ਦੀ ਇੱਕ ਟੀਮ, ਜਿਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਪੰਜਾਬ ਅਤੇ ਬਾਹਰ ਕਈ 'ਏ' ਸ਼੍ਰੇਣੀ ਦੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਨੂੰ ਬਲਾਤਕਾਰ ਦੇ ਦੋਸ਼ੀ ਲਾਪਤਾ ਵਿਧਾਇਕ ਦਾ ਪਤਾ ਲਗਾਉਣ ਲਈ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਡੀਐਸਪੀ ਬਿਕਰਮਜੀਤ ਬਰਾੜ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਟੀਮ ਨੇ ਹਰਿਆਣਾ ਵਿੱਚ ਡੇਰਾ ਲਾਇਆ ਹੋਇਆ ਹੈ। ਬਰਾੜ ਉਨ੍ਹਾਂ ਕਰਮਚਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਨੂੰ ਖਤਮ ਕਰਨ ਵਿੱਚ ਮਿਸਾਲੀ ਹਿੰਮਤ ਦਿਖਾਉਣ ਲਈ ਰਾਸ਼ਟਰਪਤੀ ਦੇ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਬਰਾੜ ਨੇ ਉਸ ਟੀਮ ਦੀ ਅਗਵਾਈ ਕੀਤੀ ਜੋ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੋਵਾਂ ਕਾਤਲਾਂ ਦਾ ਪਿੱਛਾ ਕਰਦੀ ਸੀ। ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਅਤੇ ਜਗਰੂਪ ਸਿੰਘ ਉਰਫ਼ ਰੂਪਾ, ਜੋ 29 ਮਈ ਨੂੰ ਮਾਨਸਾ ਵਿੱਚ ਮੂਸੇਵਾਲਾ ਦੀ ਹੱਤਿਆ ਦੇ ਮੁੱਖ ਦੋਸ਼ੀ ਸਨ, ਅਟਾਰੀ ਸਰਹੱਦ ਨੇੜੇ ਹੁਸ਼ਿਆਰ ਨਗਰ ਪਿੰਡ ਵਿੱਚ ਲੁਕੇ ਹੋਏ ਸਨ ਜਦੋਂ ਡੀਐਸਪੀ ਬਰਾੜ ਦੀ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਮੁਕਾਬਲੇ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ।
ਡੀਐੱਸਪੀ ਬਰਾੜ ਪਹਿਲਾਂ ਵੀ ਇੱਕ ਹੋਰ ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰਨ ਵਾਲੇ ਆਪ੍ਰੇਸ਼ਨ ਦਾ ਹਿੱਸਾ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ AGTF ਟੀਮ ਮੋਬਾਈਲ ਲੋਕੇਸ਼ਨਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਧਾਇਕ ਵੱਲੋਂ ਭੱਜਣ ਵੇਲੇ ਲਏ ਗਏ ਰਸਤੇ ’ਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪਠਾਣਮਾਜਰਾ ਦਾ ਪਤਾ ਲਗਾਉਣ ਲਈ AGTF ਨੂੰ ਤਾਇਨਾਤ ਕਰਕੇ, ਰਾਜ ਸਰਕਾਰ ਨੇ ਇੱਕ ਸਖ਼ਤ ਫੈਸਲਾ ਲਿਆ ਹੈ। ਇਹ ਕਹਿੰਦੇ ਹੋਏ ਕਿ ਉਹ "ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ"।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘"ਅਸੀਂ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਾਂ।’’ ਪੁਲੀਸ ਨੇ ਦਾਅਵਾ ਕੀਤਾ ਕਿ ਪਠਾਣਮਾਜਰਾ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਅਤੇ ਪੱਥਰ ਮਾਰੇ, ਜਿਸ ਨਾਲ ਵਿਧਾਇਕ ਬਚ ਨਿਕਲਿਆ। ਪਠਾਣਮਾਜਰਾ ਵਿਰੁੱਧ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਉਸ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਹੜ੍ਹ ਪ੍ਰਬੰਧਾਂ ਨੂੰ ਲੈ ਕੇ ਜਨਤਕ ਤੌਰ ’ਤੇ ਨੁਕਤਾਚੀਨੀ ਕੀਤੀ ਹੈ। ਵਿਧਾਇਕ ਨੇ ‘ਦਿੱਲੀ ਦੀ ਇੱਕ ਲਾਬੀ ’ਤੇ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਵੀ ਦੋਸ਼ ਲਗਾਇਆ।’ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਪਠਾਣਮਾਜਰਾ ਆਪਣੇ ਰਿਸ਼ਤੇਦਾਰ ਗੁਰਨਾਮ ਸਿੰਘ, ਉਰਫ਼ ਲਾਡੀ, ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦਾ ਮੈਂਬਰ ਹੈ, ਦੇ ਘਰ ਵਿਚ ਮੌਜੂਦ ਹੈ। ਪਟਿਆਲਾ ਪੁਲੀਸ ਦੀ ਇਕ ਟੀਮ, ਜਿਸ ਵਿੱਚ ਦੋ SHO ਅਤੇ ਇੱਕ CIA ਇੰਚਾਰਜ ਸ਼ਾਮਲ ਸਨ, ਸਵੇਰੇ 4:45 ਵਜੇ ਉਥੇ ਪੁੱਜੀ ਤਾਂ ਉਨ੍ਹਾਂ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ, ਪਰ ਉਹ ਕਥਿਤ ਗੋਲੀਬਾਰੀ ਅਤੇ ਪੱਥਰਬਾਜ਼ੀ ਤੋਂ ਬਾਅਦ ਹੋਈ ਝੜਪ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਨੇ ਤਿੰਨ ਹਥਿਆਰ ਅਤੇ ਇੱਕ SUV ਬਰਾਮਦ ਕੀਤੀ ਹੈ। ਹਾਲਾਂਕਿ ਲਾਡੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਅਤੇ ਪੱਥਰਬਾਜ਼ੀ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ ‘ਸਵੇਰੇ 8 ਵਜੇ ਤੱਕ ਘਰ ਵਿੱਚ ਰਹੇ, ਨਾਸ਼ਤਾ ਕੀਤਾ ਅਤੇ ਪਠਾਣਮਾਜਰਾ ਨਾਲ ਗੱਲਬਾਤ ਵੀ ਕੀਤੀ।’