ਮੁੱਦਕੀ ’ਚ ਇੱਕ ਹੋਰ ਨਸ਼ਾ ਤਸਕਰ ਦਾ ਘਰ ਢਾਹਿਆ
ਕਸਬਾ ਮੁੱਦਕੀ 'ਚ ਇੱਕ ਹੋਰ ਨਸ਼ਾ ਤਸਕਰ ਦੇ ਘਰ 'ਤੇ ਅੱਜ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ। ਤਸਕਰ ਦੀ ਪਛਾਣ ਪ੍ਰੀਤਪਾਲ ਸਿੰਘ ਵਾਸੀ ਲੋਹਾਮ ਰੋਡ ਮੁੱਦਕੀ ਵਜੋਂ ਹੋਈ ਹੈ। ਲੰਘੀ 14 ਸਤੰਬਰ ਨੂੰ ਵੀ ਇਸੇ ਰੋਡ 'ਤੇ ਤਸਕਰ ਨਿਰਮਲ ਸਿੰਘ ਨਿੰਮਾ ਦੇ ਘਰ ਨੂੰ ਢਾਹ ਦਿੱਤਾ ਗਿਆ ਸੀ। ਕਸਬਾ ਮੁੱਦਕੀ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸਰਕਾਰ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਜਨ ਸਧਾਰਨ ਵੱਲੋਂ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ। ਫ਼ਿਰੋਜ਼ਪੁਰ ਦਿਹਾਤੀ ਦੇ ਉਪ ਪੁਲੀਸ ਕਪਤਾਨ ਕਰਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ 'ਤੇ ਨਸ਼ਾ ਰੋਕੂ ਕਾਨੂੰਨ ਅਧੀਨ 9 ਮੁਕੱਦਮੇ ਦਰਜ ਹਨ। ਉਹ ਜ਼ਮਾਨਤ 'ਤੇ ਬਾਹਰ ਹੈ। ਇਹ ਜਗ੍ਹਾ ਨਗਰ ਪੰਚਾਇਤ ਦੀ ਹੈ। ਅੱਜ ਦੀ ਕਾਰਵਾਈ ਡੀਸੀ ਫ਼ਿਰੋਜ਼ਪੁਰ ਦੇ ਆਦੇਸ਼ਾਂ 'ਤੇ ਕੀਤੀ ਗਈ ਹੈ। ਪੁਲੀਸ ਸੁਰੱਖਿਆ ਵਜੋਂ ਤਾਇਨਾਤ ਕੀਤੀ ਗਈ। ਸ਼ਰਮਾ ਨੇ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ 'ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਨੂੰਨ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਪ੍ਰੀਤਪਾਲ ਸਿੰਘ ਨੂੰ ਵੀ ਕਿਹਾ ਕਿ ਜੇਕਰ ਉਹ ਬਾਜ਼ ਨਾ ਆਇਆ ਤਾਂ ਅਗਲੀ ਵਾਰ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਗ੍ਹਾ ਦੀ ਮਾਲਕੀ ਵਜੋਂ ਹਾਜ਼ਰ ਨਗਰ ਪੰਚਾਇਤ ਮੁੱਦਕੀ ਦੇ ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਨੇ ਕਿਹਾ ਕਿ ਅੱਜ ਕੁੱਲ 8 ਮਰਲੇ ਜਗ੍ਹਾ ਤੋਂ ਕਬਜ਼ਾ ਛੁਡਵਾਇਆ ਗਿਆ ਹੈ। ਨਗਰ ਪੰਚਾਇਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਕਰੇਗੀ। ਕਾਰਵਾਈ ਦੌਰਾਨ ਥਾਣਾ ਮੁਖੀ ਤਰਸੇਮ ਸ਼ਰਮਾ, ਚੌਕੀ ਇੰਚਾਰਜ ਬਲਵਿੰਦਰ ਸਿੰਘ ਤੇ ਭਾਰੀ ਪੁਲੀਸ ਫੋਰਸ ਤੋਂ ਇਲਾਵਾ ਸਬ ਤਹਿਸੀਲ ਤਲਵੰਡੀ ਭਾਈ ਤੇ ਨਗਰ ਪੰਚਾਇਤ ਮੁੱਦਕੀ ਦਾ ਅਮਲਾ ਵੀ ਹਾਜ਼ਰ ਰਿਹਾ।