ਟਰਾਲੀ ਚੋਰੀ ਮਾਮਲਾ ਸੀ ਆਈ ਏ ਨੂੰ ਭੇਜਣ ਦਾ ਐਲਾਨ
ਕੁਝ ਮੰਗਾਂ ਮੰਨੇ ਜਾਣ ਕਾਰਨ ਕਿਸਾਨਾਂ ਨੇ ਧਰਨਾ ਚੁੱਕਿਆ; ਕਿਸਾਨਾਂ ਦੀ ਅਗਲੀ ਮੀਟਿੰਗ 26 ਨੂੰ
Advertisement
ਟਰਾਲੀ ਚੋਰੀ ਮਾਮਲੇ ਵਿੱਚ ਕਿਸਾਨਾਂ ਦੀਆਂ ਕੁਝ ਮੰਗਾਂ ਮੰਨੇ ਜਾਣ ’ਤੇ ਡੀ ਐੱਸ ਪੀ ਦਫਤਰ ਦੇ ਬਾਹਰ ਲੱਗਿਆ ਧਰਨਾ ਫਿਲਹਾਲ ਸਮਾਪਤ ਕਰ ਦਿੱਤਾ ਗਿਆ ਹੈ। ਐੱਸ ਪੀ ਜਸਵੀਰ ਸਿੰਘ ਸਮੇਤ ਪੁਲੀਸ ਅਧਿਕਾਰੀਆਂ ਨੇ ਦੇਰ ਰਾਤ ਹੀ ਧਰਨੇ ਵਿੱਚ ਜਾ ਕੇ ਜਨਤਕ ਤੌਰ ’ਤੇ ਐਲਾਨ ਕਰ ਦਿੱਤਾ ਕਿ ਮੰਗ ਅਨੁਸਾਰ ਜਿਹੜੀ ਟਰਾਲੀ ਸਹੌਲੀ ਪਿੰਡ ਕੋਲੋਂ ਲਾਵਾਰਸ ਮਿਲੀ ਸੀ, ਉਸ ਬਾਬਤ ਚੋਰੀ ਦਾ ਕੇਸ ਨਾਭਾ ਸਦਰ ਥਾਣੇ ਵਿੱਚ ਦਰਜ ਕੀਤਾ ਜਾ ਰਿਹਾ ਹੈ। ਪਹਿਲਾਂ ਤੋਂ ਕੋਤਵਾਲੀ ਨਾਭਾ ਵਿੱਚ ਨਗਰ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਖ਼ਿਲਾਫ਼ ਟਰਾਲੀ ਚੋਰੀ ਦਾ ਕੇਸ ਦਰਜ ਹੈ। ਪੁਲੀਸ ਨੇ ਐਲਾਨਿਆ ਕਿ ਇਹ ਦੋਵੇਂ ਕੇਸਾਂ ਦੀ ਤਫਤੀਸ਼ ਕਿਸਾਨਾਂ ਦੀ ਮੰਗ ਅਨੁਸਾਰ ਨਾਭੇ ਤੋਂ ਬਾਹਰ ਪਟਿਆਲਾ ਸੀ ਆਈ ਏ ਨੂੰ ਭੇਜ ਰਹੇ ਹਾਂ। ਇਸ ਮਗਰੋਂ ਕਿਸਾਨ ਆਗੂਆਂ ਨੇ ਮੀਟਿੰਗ ਕਰ ਕੇ ਫਿਲਹਾਲ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ ਹੈ।
ਬੀ.ਕੇ.ਯੂ. ਆਜ਼ਾਦ ਦੇ ਬਲਾਕ ਪ੍ਰਧਾਨ ਗਮਦੂਰ ਸਿੰਘ ਨੇ ਮੰਗ ਕੀਤੀ ਕਿ ਇਨ੍ਹਾਂ ਕੇਸਾਂ ਵਿੱਚ ਨਗਰ ਕੌਂਸਲ ਪ੍ਰਧਾਨ ਦੇ ਨਾਲ ਕੌਂਸਲ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ, ਕਿਉਂਕਿ ਟਰਾਲੀ ਚੋਰੀ ਲਈ ਕੌਂਸਲ ਦੇ ਟਰੈਕਟਰਾਂ ਦਾ ਇਸਤੇਮਾਲ ਹੋਇਆ ਸੀ। ਉਨ੍ਹਾਂ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਉਂ ਜਾਪਦਾ ਹੈ ਕਿ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਚੋਰੀ ਦੇ ਇਨ੍ਹਾਂ ਮਾਮਲਿਆਂ ਨੂੰ ਸਿੱਟੇ ਤੱਕ ਲੈ ਕੇ ਜਾਣਗੇ ਅਤੇ ਅਗਲੇ ਸੰਘਰਸ਼ ਬਾਬਤ 26 ਸਤੰਬਰ ਨੂੰ ਵੱਡੀ ਮੀਟਿੰਗ ਰੱਖੀ ਗਈ ਹੈ।
Advertisement
Advertisement