ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ

ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਮਿਲੇਗੀ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 8 ਜੁਲਾਈ

Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਆਗਾਜ਼ ਦਾ ਐਲਾਨ ਕੀਤਾ ਹੈ। ਇਸ ਯੋਜਨਾ ਅਧੀਨ ਸੂਬੇ ਦੇ 65 ਲੱਖ ਪਰਿਵਾਰਾਂ ਦਾ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਦੇ ਵਸਨੀਕ ਸੂਬੇ ’ਚ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ’ਚ 10 ਲੱਖ ਰੁਪਏ ਦਾ ਨਕਦੀ ਰਹਿਤ ਇਲਾਜ ਕਰਵਾ ਸਕਣਗੇ। ਪੰਜਾਬ ਸਰਕਾਰ ਨੇ ਵਿੱਤੀ ਵਰ੍ਹੇ 2025-26 ਦੇ ਬਜਟ ’ਚ ਇਸ ਯੋਜਨਾ ਦਾ ਐਲਾਨ ਕਰਦਿਆਂ 778 ਕਰੋੜ ਰੁਪਏ ਰਾਖਵੇਂ ਰੱਖੇ ਸਨ। ਚੰਡੀਗੜ੍ਹ ਦੇ ਮਿਉਂਸਿਪਲ ਭਵਨ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਆਗਾਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ 2 ਅਕਤੂਬਰ ਤੋਂ ਰਸਮੀ ਤੌਰ ’ਤੇ ਕੀਤੀ ਜਾਵੇਗੀ। ਉਸ ਮਗਰੋਂ ਸੂਬੇ ’ਚ ਵਿਸ਼ੇਸ਼ ਕੈਂਪ ਲਾ ਕੇ ਲੋਕਾਂ ਦੇ ‘ਹੈਲਥ ਕਾਰਡ’ ਬਣਾਏ ਜਾਣਗੇ, ਜਿਸ ਨੂੰ ਵਿਖਾ ਕੇ ਲੋਕ ਸੂਬੇ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ’ਚ ਬਿਨਾਂ ਕੋਈ ਪੈਸਾ ਦਿੱਤੇ ਇਲਾਜ ਕਰਵਾ ਸਕਣਗੇ।

ਮਾਨ ਨੇ ਕਿਹਾ, ‘‘ਪਹਿਲਾਂ ਬਹੁਤ ਸਾਰੇ ਪਰਿਵਾਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੁੰਦੇ ਸਨ, ਪਰ ਇਲਾਜ ਮਹਿੰਗਾ ਹੋਣ ਕਰਕੇ ਬੇਵੱਸੀ ਦੇ ਆਲਮ ’ਚ ਜ਼ਿੰਦਗੀ ਬਿਤਾਉਂਦੇ ਸਨ। ਕਈਆਂ ਨੂੰ ਇਲਾਜ ਲਈ ਜ਼ਮੀਨ ਜਾਂ ਘਰ-ਬਾਰ ਵੇਚਣਾ ਪੈਂਦਾ ਸੀ। ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ‘ਆਪ’ ਵੱਲੋਂ ਸ਼ੁਰੂ ਇਸ ਸਕੀਮ ਸਦਕਾ ਸੂਬੇ ਦੇ ਕਿਸੇ ਵੀ ਵਸਨੀਕ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਆਪਣੇ ਪੱਲਿਓਂ ਇੱਕ ਵੀ ਪੈਸਾ ਨਹੀਂ ਦੇਣਾ ਪਵੇਗਾ।’’

ਸ੍ਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਲੋਕਾਂ ਨੂੂੰ ਨੀਲੇ ਤੇ ਪੀਲੇ ਕਾਰਡਾਂ ਦੇ ਚੱਕਰ ’ਚ ਉਲਝਾ ਕੇ ਰੱਖਿਆ ਜਾਂਦਾ ਸੀ ਪਰ ‘ਆਪ’ ਦੀ ਸਰਕਾਰ ਨੇ ਲੋਕਾਂ ਨੂੰ ਨੀਲੇ ਤੇ ਪੀਲੇ ਕਾਰਡਾਂ ਤੋਂ ਮੁਕਤੀ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵਾਂ ਸਿਹਤ ਕਾਰਡ ਲੋਕਾਂ ਨੂੰ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਮੁਫ਼ਤ ਜਾਰੀ ਕੀਤਾ ਜਾਵੇਗਾ। ਪੰਜਾਬ ਦੇ ਲੋਕ 2 ਅਕਤੂਬਰ ਤੋਂ ਬਾਅਦ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾ ਕੇ ਸਿਹਤ ਕਾਰਡ ਬਣਵਾ ਸਕਣਗੇ। ਉਨ੍ਹਾਂ ਕਿਹਾ, ‘‘ਇਕ ਪਾਸੇ ਪ੍ਰਧਾਨ ਮੰਤਰੀ ਲੋਕਾਂ ਤੋਂ ਜਨਮ ਦਾ ਸਬੂਤ ਮੰਗ ਰਹੇ ਹਨ ਜਦਕਿ ਲੋਕ ਦਹਾਕਿਆਂ ਤੋਂ ਵੋਟ ਪਾਉਂਦੇ ਆ ਰਹੇ ਹਨ ਅਤੇ ਦੂਜੇ ਪਾਸੇ ਸਾਡੀ ਸਰਕਾਰ ਬਿਨਾਂ ਕੋਈ ਸ਼ਰਤ ਲਾਏ ਸਿਹਤ ਕਾਰਡ ਜਾਰੀ ਕਰ ਰਹੀ ਹੈ।’’ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਦੇਸ਼ ’ਚ ‘ਆਯੂਸ਼ਮਾਨ ਭਾਰਤ ਯੋਜਨਾ’ ਤਹਿਤ ਗਰੀਬ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਦੇ ਉਲਟ ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਬੀਮਾ’ ਯੋਜਨਾ ਤਹਿਤ ਸੂਬੇ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ।

ਵਿਸ਼ਵ ਗੁਰੂ ਬਨਣ ਲਈ ਵਧੀਆ ਸਿੱਖਿਆ ਤੇ ਸਿਹਤ ਪ੍ਰਣਾਲੀ ਜ਼ਰੂਰੀ: ਕੇਜਰੀਵਾਲ

‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ’ਚ ਜਿਹੜਾ ਕੰਮ 50 ਸਾਲ ਪਹਿਲਾਂ ਹੋਣਾ ਚਾਹੀਦਾ ਸੀ, ਉਹ ‘ਆਪ’ ਨੇ ਹੁਣ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ, ‘‘ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਸਿੱਖਿਆ ਤੇ ਸਿਹਤ ਸਿਸਟਮ ਦਾ ਮਜ਼ਬੂਤ ਹੋਣਾ ਵਧੇਰੇ ਜ਼ਰੂਰੀ ਹੈ। ਸਾਲ 2017 ’ਚ ਪੰਜਾਬ ਸਿੱਖਿਆ ਖੇਤਰ ’ਚ ਦੇਸ਼ ਵਿੱਚੋਂ 29ਵੇਂ ਨੰਬਰ ’ਤੇ ਸੀ, ਜੋ ਕਿ ਅੱਜ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ।’’ ਉਨ੍ਹਾਂ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦਿੱਲੀ ’ਚ ‘ਆਪ’ ਵੱਲੋਂ ਬਣਾਏ ਮੁਹੱਲਾ ਕਲੀਨਿਕ ਨੂੰ ਬੰਦ ਕਰ ਰਹੀ ਹੈ ਤੇ ਕੁਝ ਦੇ ਨਾਮ ਬਦਲ ਰਹੀ ਹੈ, ਪਰ ਉਹ ‘ਆਪ’ ਵੱਲੋਂ ਕੀਤੇ ਕੰਮਾਂ ਨੂੰ ਖਤਮ ਨਹੀਂ ਕਰ ਸਕਦੀ।

ਕੇਜਰੀਵਾਲ ਦੀ ਤਾਰੀਫਾਂ ਦੇ ਪੁਲ ਬੰਨ੍ਹੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੀ ਸੂਝਵਾਨ ਸ਼ਖਸੀਅਤ ਹੀ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਯੋਗ ਹੈ। ਉਨ੍ਹਾਂ ਕਿਹਾ, ‘‘ਜਦੋਂ ਕੇਜਰੀਵਾਲ ਵਰਗਾ ਵਿਅਕਤੀ ਦੇਸ਼ ਦੀ ਅਗਵਾਈ ਕਰੇਗਾ ਤਾਂ ਹੀ ਇਹ ਮੁਲਕ ਦੁਨੀਆ ਦੀ ਅਗਵਾਈ ਕਰੇਗਾ ਤੇ ਸਾਰੀਆਂ ਸਮਾਜਿਕ ਅਲਾਮਤਾਂ ਖਤਮ ਹੋ ਜਾਣਗੀਆਂ।’’

‘ਮੈਂ ਗਲਤ ਕਰਾਂਗਾ ਤਾਂ ਮੈਨੂੰ ਅੰਦਰ ਦੇ ਦਿਓ’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮਾਮਲੇ ’ਚ ਕਾਰਵਾਈ ਕਾਨੂੰਨ ਵੱਲੋਂ ਕੀਤੀ ਜਾ ਰਹੀ ਹੈ। ਉਸ ਬਾਰੇ ਉਹ ਕੁਝ ਵੀ ਨਹੀਂ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ’ਚ ਸਫ਼ੇਦ ਸੱਥਰ ਵਿਛਾਉਣ ਵਾਲਿਆਂ ਨੂੰ ਰੰਗੀਨ ਜ਼ਿੰਦਗੀ ਨਹੀਂ ਜਿਊਣ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇੱਥੇ ਹੀ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਗਲਤ ਕਰਾਂਗਾ ਤਾਂ ਮੈਨੂੰ ਅੰਦਰ ਦੇ ਦਿਓ। ਕਿਸੇ ਦਾ ਦਬਕਾ ਸਹਿਣ ਨਹੀਂ ਕੀਤਾ ਜਾਵੇਗਾ।’’

Advertisement