‘ਜਲੰਧਰ ਪ੍ਰੀਮੀਅਰ ਲੀਗ’ ਕਰਵਾਉਣ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ‘ਜਲੰਧਰ ਪ੍ਰੀਮੀਅਰ ਲੀਗ’ ਕਰਵਾਉਣ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਦੀ ਪੂਰਬ ਸੰਧਿਆ ਮੌਕੇ 28 ਅਗਸਤ ਨੂੰ ਕੀਤੀ ਜਾਵੇਗੀ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ‘ਜਲੰਧਰ ਪ੍ਰੀਮੀਅਰ ਲੀਗ’ ਦੌਰਾਨ ਵਾਲੀਬਾਲ, ਫੁੱਟਬਾਲ, ਬਾਸਕਟਬਾਲ, ਹੈਂਡਬਾਲ, ਜੂਡੋ, ਖੋ-ਖੋ, ਕਬੱਡੀ, ਕ੍ਰਿਕਟ ਤੇ ਅਥਲੈਟਿਕ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਲੀਗ ਦੀ ਸ਼ੁਰੂਆਤ ਕ੍ਰਿਕਟ ਮੈਚਾਂ ਨਾਲ ਹੋਵੇਗੀ, ਜੋ ਜ਼ਿਲ੍ਹਾ ਪੱਧਰ ’ਤੇ ਸਕੂਲਾਂ ਅਤੇ ਕ੍ਰਿਕਟ ਅਕੈਡਮੀਆਂ ਦੀਆਂ ਅੰਡਰ-19 ਟੀਮਾਂ ਦਰਮਿਆਨ ਕਰਵਾਏ ਜਾਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਜੂਡੋ, ਬਾਸਕਟਬਾਲ, ਖੋ-ਖੋ ਦੇ ਸਕੂਲਾਂ/ਕਾਲਜਾਂ ਦੇ ਅੰਡਰ-19 ਤੇ ਅੰਡਰ-25 ਉਮਰ ਵਰਗ ਦੇ ਮੁਕਾਬਲੇ ਹੋਣਗੇ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸਕੂਲਾਂ ਦੇ ਕਬੱਡੀ ਨੈਸ਼ਨਲ ਸਟਾਈਲ ਅੰਡਰ-17, ਹੈਂਡਬਾਲ ਅੰਡਰ-17 ਅਤੇ ਹਾਕੀ ਅੰਡਰ-17 ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਪੁਰਸ਼ਾਂ ਦੇ 100 ਮੀਟਰ, 400 ਮੀਟਰ, 1500 ਮੀਟਰ ਅਤੇ 5000 ਮੀਟਰ ਈਵੈਂਟ, ਲਾਂਗ ਜੰਪ, ਸ਼ਾਰਟ ਪੁੱਟ ਅਤੇ ਜੈਵਲਿਨ ਥ੍ਰੋਅ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।