ਪੈਂਗਯੋ ਟੈਕਨੋ ਵੈਲੀ ਦੀ ਤਰਜ਼ ’ਤੇ ਮੁਹਾਲੀ ਨੂੰ ਵਿਕਸਤ ਕਰਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਖਣੀ ਕੋਰੀਆ ਵਿਖੇ ਵੱਖ-ਵੱਖ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਈਕੋਸਿਸਟਮ ਵਿੱਚੋਂ ਇਕ ਪੈਂਗਯੋ ਟੈਕਨੋ ਵੈਲੀ, ਜਿਸ ਨੂੰ ‘ਕੋਰੀਆ ਦੀ ਸਿਲੀਕਨ ਵੈਲੀ’ ਵਜੋਂ ਜਾਣਿਆ ਜਾਂਦਾ ਹੈ, ਦਾ ਦੌਰਾ ਕੀਤਾ। ਗਯੋਂਗਿਦੋ ਬਿਜ਼ਨਸ ਐਂਡ ਸਾਇੰਸ ਐਕਸਲੇਟਰ (ਜੀ ਬੀ ਐੱਸ ਏ) ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਤਕਨੀਕੀ ਨਵੀਨਤਾ, ਸਟਾਰਟਅੱਪਸ ਅਤੇ ਹਾਈ ਵੈਲਯੂ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਪੈਂਗਯੋ ਦੇ ਏਕੀਕ੍ਰਿਤ ਮਾਡਲ ਬਾਰੇ ਜਾਣਕਾਰੀ ਦਿੱਤੀ। 1,780 ਤੋਂ ਵੱਧ ਕੰਪਨੀਆਂ, 83000 ਪੇਸ਼ੇਵਰਾਂ ਅਤੇ 25000 ਖੋਜ-ਕਰਤਾਵਾਂ ਵਾਲੀ ਪੈਂਗਯੋ ਵਿਸ਼ਵ ਭਰ ਦਾ ਸਭ ਤੋਂ ਸਫ਼ਲ ਇਨੋਵੇਸ਼ਨ ਡਿਸਟ੍ਰਿਕਟ ਹੈ। ਸ੍ਰੀ ਮਾਨ ਨੇ ਕਿਹਾ ਕਿ ਮੁਹਾਲੀ ਦੇ ਵਿਆਪਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ। ਇਸ ਲਈ ਮੁਹਾਲੀ ਨੂੰ ਪੈਂਗਯੋ ਟੈਕਨੋ ਵੈਲੀ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅੱਜ ਦੱਖਣੀ ਕੋਰੀਆ ਦੀ ਡੇਵੂ ਈ ਐਂਡ ਸੀ, ਜੀ ਐੱਸ ਇੰਜਨੀਅਰਿੰਗ ਐਂਡ ਕੰਸਟਰਕਸ਼ਨ (ਜੀ ਐੱਸ ਈ ਐਂਡ ਸੀ), ਨੋਂਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ ਡੀ ਆਈ ਏ), ਸਿਓਲ ਬਿਜ਼ਨਸ ਏਜੰਸੀ (ਐੱਸ ਬੀ ਏ) ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਡੇਵੂ ਈ ਐਂਡ ਸੀ ਦੇ ਚੇਅਰਮੈਨ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ ਅਤੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਆਫਸੋਰ ਵਿੰਡ ਫਾਰਮ, ਸੋਲਰ ਪਾਵਰ ਪਲਾਂਟ ਅਤੇ ਹਾਈਡ੍ਰੋਜਨ ਉਤਪਾਦਨ ਦੇ ਖੇਤਰਾਂ ਵਿੱਚ ਸਹਿਯੋਗ ਦੀ ਵਕਾਲਤ ਕੀਤੀ। ਮੁੱਖ ਮੰਤਰੀ ਨੇ ਮਾਡਿਊਲਰ ਅਤੇ ਪ੍ਰੀ-ਫੈਬਰੀਕੇਟਿਡ ਨਿਰਮਾਣ ਵਿਧੀਆਂ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ।
ਇੰਜਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਨਾਲ ਸਬੰਧਤ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਡੇਵੂ ਈ ਐਂਡ ਸੀ ਨਾਲ ਰਣਨੀਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਗਤੀ, ਆਧੁਨਿਕ ਬੁਨਿਆਦੀ ਢਾਂਚੇ ਸਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਨ ਢਾਂਚੇ ਬਾਰੇ ਚਾਨਣਾ ਪਾਇਆ। ਜੀ ਐੱਸ ਇੰਜਨੀਅਰਿੰਗ ਐਂਡ ਕੰਸਟ੍ਰਕਸਨ ਦੇ ਮੀਤ ਪ੍ਰਧਾਨ ਯੰਗ ਹਾ ਰਿਊ (ਡੈਨੀਅਲ) ਨਾਲ ਮੁਲਾਕਾਤ ਕਰਦਿਆਂ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਤੇ ਉਦਯੋਗਿਕ ਕੰਪਲੈਕਸਾਂ ਅਤੇ ਈ ਪੀ ਸੀ ਸੇਵਾਵਾਂ ਦੇ ਖੇਤਰ ਵਿੱਚ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
