1600 ਕਰੋੜ ਦੇ ਪੈਕੇਜ ਦਾ ਐਲਾਨ ਜੁਮਲਾ: ਚੀਮਾ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਲੱਖਾਂ ਲੋਕ ਬੇਘਰ ਹੋ ਗਏ ਹਨ, ਪਰ ਇਸ ਦੌਰਾਨ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਦੀ ਮਦਦ ਕਰਨ ਦੀ ਥਾਂ ਰਾਹਤ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ ਨੂੰ ਪੰਜਾਬ ਫੇਰੀ ਦੌਰਾਨ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਸੀ, ਉਹ ਵੀ ਪ੍ਰਧਾਨ ਮੰਤਰੀ ਦਾ ਜੁਮਲਾ ਨਿਕਲਿਆ ਹੈ। ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਸ ਵਿੱਚੋਂ ਇਕ ਵੀ ਰੁਪਇਆ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੂੰ 240 ਕਰੋੜ ਰੁਪਏ ਦਿੱਤੇ ਸਨ, ਜੋ ਮੌਜੂਦਾ ਵਿੱਤ ਵਰ੍ਹੇ ਵਿੱਚ ਰੱਖੀ ਤਜਵੀਜ਼ ਦੇ ਆਧਾਰ ’ਤੇ ਹਨ। ਚੀਮਾ ਨੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਏ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਆਏ ਹੜ੍ਹਾਂ ਅਤੇ ਹੜ੍ਹਾਂ ਕਰਕੇ ਲੋਕਾਂ ਦੀਆਂ ਹੋਈਆਂ ਮੌਤਾਂ ’ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਦੀ ਬਜਾਏ, ਭਾਜਪਾ ਦੇ ਏਜੰਟ ਵਜੋਂ ਗੱਲਬਾਤ ਕੀਤੀ ਹੈ। ਵਿਰੋਧੀ ਪਾਰਟੀ ਨੇ ਪੰਜਾਬ ਸਰਕਾਰ ਦੇ ‘ਰੰਗਲਾ ਪੰਜਾਬ’ ਫੰਡਾਂ ’ਤੇ ਉਂਗਲ ਚੁੱਕੀ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਿਰਫ਼ 1600 ਕਰੋੜ ਰੁਪਏ ਦੇਣ ਬਾਰੇ ਕੁਝ ਵੀ ਨਹੀਂ ਬੋਲਿਆ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਰਾਹਤ ਫੰਡ ਦਾ ਇਕ-ਇਕ ਪੈਸਾ ਲੋਕਾਂ ਲਈ ਖਰਚ ਕੀਤਾ ਜਾਵੇਗਾ।