ਸ਼ੰਭੂ ਤੇ ਖਨੌਰੀ ਹੱਦਾਂ ’ਤੇ ਨੁਕਸਾਨ ਦੀ ਭਰਪਾਈ ਲਈ ਧਰਨਿਆਂ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀ ਸੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਕਿਹਾ ਕਿ ਮੰਗਾਂ ਨਾ ਮੰਨਣ ’ਤੇ 19 ਦਸੰਬਰ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਜਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦੇ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਜਦੋਂ ਸਰਕਾਰ ਨੇ ਜਬਰੀ ਚੁੱਕਿਆ ਤਾਂ ਵੱਡੀ ਗਿਣਤੀ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਾਮਾਨ ਚੋਰੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਕੱਲੇ ਸ਼ੰਭੂ ਮੋਰਚੇ ’ਤੇ ਨੁਕਸਾਨ ਦੀ ਰਕਮ 3 ਕਰੋੜ 77 ਲੱਖ ਹੈ। ਦੂਜੇ ਪਾਸੇ ਖਨੌਰੀ ਬਾਰਡਰ ਵੱਲ ਹੋਏ ਨੁਕਸਾਨ ਦੀ ਸੂਚੀ ਤਾਂ ਬਣ ਗਈ ਹੈ ਪਰ ਅਜੇ ਇੱਕ ਟੀਮ ਉਸ ਦੀ ਪੁਖਤਾ ਪੜਤਾਲ ਕਰ ਰਹੀ ਹੈ ਤਾਂ ਕਿ ਇੱਕ ਰੁਪਏ ਦੇ ਦਾਅਵੇ ਨੂੰ ਵੀ ਝੂਠਾ ਨਾ ਆਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਕੱਲ੍ਹ ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਦੀ ਸਰਕਾਰੀ ਰਿਹਾਇਸ਼ ਦੀ ਜ਼ਮੀਨ ’ਚੋਂ ਟਰਾਲੀਆਂ ਦਾ ਸਾਮਾਨ ਮਿਲਣ ਉਪਰੰਤ ਕਿਸਾਨ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਚੋਰੀ ਦੇ ਮੁਲਜ਼ਮ ’ਤੇ ਅਜੇ ਤੱਕ ਠੋਸ ਕਾਰਵਾਈ ਨਹੀਂ ਹੋਈ। ਕਿਸਾਨ ਆਗੂ ਲੌਂਗੋਵਾਲ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਵਿੱਚ ਬਿਜਲੀ ਬਿੱਲ ਦਾ ਵਿਰੋਧ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉ ਅਤੇ ਹੋਰ ਮੁੱਖ ਏਜੰਡਿਆਂ ਦਾ ਐਲਾਨ ਵੀ ਕੀਤਾ ਜਾਵੇਗਾ।
ਟਰਾਲੀਆਂ ਚੋਰੀ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਬਲਾਕ ਪ੍ਰਧਾਨ ਨੇ ਰੋਸ ਪ੍ਰਗਟਾਇਆ ਕਿ ਟਰਾਲੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਅੱਜ ਸੀ ਆਈ ਏ ਪਟਿਆਲਾ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਦੀ ਸਰਕਾਰੀ ਰਿਹਾਇਸ਼ ’ਚੋਂ ਟਰਾਲੀਆਂ ਦਾ ਸਾਮਾਨ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਇਸ ਮੌਕੇ ਸੀ ਆਈ ਏ ਸਟਾਫ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਦਰਜ ਕੇਸ ਵਿੱਚ ਤਫ਼ਤੀਸ਼ ਚੱਲ ਹੀ ਰਹੀ ਹੈ ਤੇ ਹੁਣ ਬਾਕੀਆਂ ਨੂੰ ਵੀ ਪੁੱਛ-ਪੜਤਾਲ ਲਈ ਬੁਲਾਇਆ ਜਾਵੇਗਾ।
