ਅੰਮ੍ਰਿਤਸਰ: 35 ਕਿਲੋ ਹੈਰੋਇਨ ਸਣੇ ਸੱਤ ਤਸਕਰ ਕਾਬੂ
ਬੀ ਐੱਸ ਐੱਫ ਅਧਿਕਾਰੀ ਨੇ ਦੱਸਿਆ ਕਿ ਸਾਂਝੇ ਨਾਕੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਬਹਿੜਵਾਲ ਨੇੜੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਜ਼ਬਤ ਕੀਤੇ ਵੱਡੇ ਬੈਗ ’ਚੋਂ 23 ਪੈਕੇਟ ਹੈਰੋਇਨ (ਕੁੱਲ ਵਜ਼ਨ 25.9 ਕਿਲੋ) ਅਤੇ 2 ਮੈਗਜ਼ੀਨਾਂ ਸਣੇ ਇੱਕ ਪਿਸਤੌਲ ਮਿਲਿਆ। ਮੁਲਜ਼ਮ ਦੀ ਪਛਾਣ ਪਿੰਡ ਬਹਿੜਵਾਲ ਦੇ ਵਸਨੀਕ ਵਜੋਂ ਹੋਈ ਹੈ। ਬਰਾਮਦ ਕੀਤੀਆਂ ਵਸਤਾਂ ਅਤੇ ਮੁਲਜ਼ਮ ਨੂੰ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਲਈ ਏ ਐੱਨ ਟੀ ਐੱਫ ਅੰਮ੍ਰਿਤਸਰ ਹਵਾਲੇ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਅੰਮ੍ਰਿਤਸਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਕੀਤੀ ਕਾਰਵਾਈ ਦੌਰਾਨ ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂਪੁਰ ਦੇ ਹਨੀ (18), ਜੰਡਿਆਲਾ ਗੁਰੂ ਦੇ ਪਰਮਦੀਪ ਸਿੰਘ ਉਰਫ਼ ਪਾਰਸ (18), ਹਰਵਿੰਦਰ ਸਿੰਘ ਉਰਫ਼ ਹਿੰਦਾ (19), ਪਿੰਡ ਡਾਂਡੇ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ (25), ਤਰਨ ਤਾਰਨ ਦੇ ਪਿੰਡ ਢਾਲਾ ਦੀ ਜਸਬੀਰ ਕੌਰ (40) ਅਤੇ ਪਿੰਡ ਹਵੇਲੀਆਂ ਦੀ ਕੁਲਵਿੰਦਰ ਕੌਰ (54) ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਅੰਮ੍ਰਿਤਸਰ ਪੁਲੀਸ ਵੱਲੋਂ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ਼ ਜੱਗਾ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ ਦੇ ਮੁੱਖ ਕਾਰਕੁਨ ਯਾਸੀਨ ਮੁਹੰਮਦ ਨੂੰ 7.1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹਰਪ੍ਰੀਤ ਉਰਫ਼ ਹੈਪੀ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ। ਇਸ ਸਬੰਧ ਵਿਚ ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਛੇਹਰਟਾ ਵਿਖੇ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਦੋਵਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪਹਿਲੇ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁਲਜ਼ਮ ਹਨੀ ਨੂੰ 20 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਪੜਤਾਲ ਦੌਰਾਨ ਇਸ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਸ ਮਾਡਿਊਲ ਤੋਂ ਕੁੱਲ 8.062 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇੱਕ ਹੋਰ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਜਸਬੀਰ ਕੌਰ ਅਤੇ ਕੁਲਵਿੰਦਰ ਕੌਰ ਨਾਂ ਦੀਆਂ ਦੋ ਮਹਿਲਾਵਾਂ ਨੂੰ ਤਸਕਰੀ ਦੇ ਦੋਸ਼ ਵਿਚ 1.004 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਜਸਬੀਰ ਕੌਰ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ।