ਜੋੜੇ ਵੱਲੋਂ ਅਗਵਾ ਅਮਰੀਕੀ ਬੱਚਾ ਜੰਮੂ ਤੋਂ ਬਰਾਮਦ
ਢਿੱਲਵਾਂ ਪੁਲੀਸ ਨੇ ਅਗਵਾ ਹੋਏ ਅਮਰੀਕੀ ਬੱਚੇ ਨੂੰ ਜੰਮੂ ਕਸ਼ਮੀਰ ਤੋਂ ਬਰਾਮਦ ਕਰਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ ਤੇ ਅਗਵਾ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਐੱਸਪੀ (ਡੀ) ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਬੇਗੋਵਾਲ ਦੇ ਵਾਸੀ ਨੇ ਅਮਰੀਕਾ ਰਹਿ ਰਹੀ ਲੜਕੀ ਨਾਲ ਵਿਆਹ ਕਰਵਾਇਆ ਸੀ ਤੇ ਆਪ ਵੀ ਅਮਰੀਕਾ ਚਲਾ ਗਿਆ ਸੀ ਜਿੱਥੇ ਉਨ੍ਹਾਂ ਦੇ ਬੱਚਾ ਹੋਇਆ। ਕੁਝ ਸਮੇਂ ਬਾਅਦ ਇਨ੍ਹਾਂ ਦਾ ਤਲਾਕ ਹੋ ਗਿਆ ਤੇ ਅਮਰੀਕਾ ਨੇ ਬੇਗੋਵਾਲ ਵਾਸੀ ਨੂੰ ਵਾਪਸ ਭਾਰਤ ਭੇਜ ਦਿੱਤਾ। ਕੁੱਝ ਸਮੇਂ ਬਾਅਦ ਉਸ ਦੀ ਪਤਨੀ ਵੀ ਭਾਰਤ ਆ ਕੇ ਬੇਗੋਵਾਲ ਵਾਸੀ ਕੋਲ ਬੱਚਾ ਛੱਡ ਗਈ। ਇਹ ਵਿਅਕਤੀ ਆਪ ਪੋਲੈਂਡ ਚਲਾ ਗਿਆ ਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਲਈ ਸ਼ੁਮਿੰਦਰ ਕੌਰ ਨੂੰ ਰੱਖ ਲਿਆ। ਕੁੱਝ ਦਿਨਾਂ ਤੋਂ ਸ਼ੁਮਿੰਦਰ ਕੌਰ ਤੇ ਉਸ ਦਾ ਪਤੀ ਦੋਨੋਂ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਏ। ਉਸ ਦੀ ਦਾਦੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਇਸ ਜੋੜੇ ਨੂੰ ਬੱਚੇ ਸਣੇ ਜੰਮੂ ਤੋਂ ਬਰਾਮਦ ਕਰਕੇ ਲਿਆਂਦਾ। ਜੋੜੇ ਦੀ ਪਛਾਣ ਸ਼ੁਮਿੰਦਰ ਕੌਰ ਤੇ ਉਸ ਦੇ ਪਤੀ ਅਜੀਤਪਾਲ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਇਸ ਦੀ ਰਿਪੋਰਟ ਅਮਰੀਕੀ ਅੰਬੈਸੀ ਨੂੰ ਭੇਜ ਦਿੱਤੀ ਹੈ।