ਹਰਿਆਣਾ ਮੋਟਰ ਵਹੀਕਲਜ਼ ਨਿਯਮ ਵਿੱਚ ਸੋਧ ਨੂੰ ਮਨਜ਼ੂਰੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 21 ਵਿੱਚੋਂ 19 ਅਹਿਮ ਫ਼ੈਸਲਿਆਂ ’ਤੇ ਮੋਹਰ ਲਾਈ ਗਈ। ਮੰਤਰੀ ਮੰਡਲ ਨੇ 18 ਦਸੰਬਰ ਤੋਂ ਹਰਿਆਣਾ ਵਿਧਾਨ ਸਭਾ ਦਾ ਸਰਦ-ਰੁੱਤ ਇਜਲਾਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਸੂਬੇ ਵਿੱਚ ਚੱਲਣ ਵਾਲੇ ਟੂਰਿਸਟ ਵਾਹਨਾਂ ਦੀ ਮਿਆਦ ਘਟਾਉਣ ਲਈ ਹਰਿਆਣਾ ਮੋਟਰ ਵਹੀਕਲਜ਼ ਨਿਯਮ-1993 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਮੁਤਾਬਕ ਹਰਿਆਣਾ ਵਿੱਚ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਡੀਜ਼ਲ ਗੱਡੀਆਂ ਦੀ ਮਿਆਦ 10 ਸਾਲ ਕੀਤੀ ਗਈ ਹੈ, ਜਦੋਂਕਿ ਪੈਟਰੋਲ ਅਤੇ ਸੀ ਐੱਨ ਜੀ ਵਾਹਨਾਂ ਦੀ ਮਿਆਦ 12 ਸਾਲ ਹੋ ਗਈ ਹੈ। ਐੱਨ ਸੀ ਆਰ ਤੋਂ ਬਾਹਰ ਦੇ ਇਲਾਕੇ ਵਿੱਚ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਪੈਟਰੋਲ, ਡੀਜ਼ਲ ਤੇ ਸੀ ਐੱਨ ਜੀ ਵਾਹਨਾਂ ਦੀ ਮਿਆਦ 12 ਸਾਲ ਕੀਤੀ ਗਈ ਹੈ। ਇਸ ਮਗਰੋਂ ਵਾਹਨ ਨੂੰ ਕੰਡਮ ਕੀਤਾ ਜਾਵੇਗਾ। ਇਸ ਸੋਧ ਅਨੁਸਾਰ ਐੱਨ ਸੀ ਆਰ ’ਚ ਸਾਮਾਨ ਢੋਹਣ ਵਾਲੇ ਵਾਹਨ, ਸਕੂਲ ਬੱਸਾਂ ਤੇ ਹੋਰ ਪੈਟਰੋਲ ਤੇ ਸੀ ਐੱਨ ਜੀ ਵਾਲੇ ਵਾਹਨਾਂ ਦੀ ਮਿਆਦ 15 ਸਾਲ ਤੈਅ ਕੀਤੀ ਗਈ ਹੈ।
ਪੁਲੀਸ ਭਰਤੀ ਲਈ ਐੱਨ ਸੀ ਸੀ ਸਰਟੀਫਿਕੇਟ ਦੇ ਮਿਲਣਗੇ ਵੱਖਰੇ ਅੰਕ
ਕੈਬਨਿਟ ਨੇ ਹਰਿਆਣਾ ਪੁਲੀਸ ਵਿੱਚ ਕਾਂਸਟੇਬਲ ਤੇ ਸਬ-ਇਸੰਪੈਕਟਰ ਦੇ ਅਹੁਦਿਆਂ ’ਤੇ ਕੀਤੀ ਜਾਣ ਵਾਲੀ ਸਿੱਧੀ ਭਰਤੀ ਲਈ ਪੰਜਾਬ ਪੁਲੀਸ ਨਿਯਮ-1934 ਵਿੱਚ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਹੈ। ਹੁਣ ਹਰਿਆਣਾ ਪੁਲੀਸ ਵਿੱਚ ਭਰਤੀ ਦੌਰਾਨ ਐੱਨ ਸੀ ਸੀ ਸਰਟੀਫਿਕੇਟ ਪ੍ਰਾਪਤ ਉਮੀਦਵਾਰਾਂ ਨੂੰ ਵੱਖਰੇ ਤੌਰ ’ਤੇ ਨੰਬਰ ਦਿੱਤੇ ਜਾਣਗੇ। ਇਸ ਦੌਰਾਨ ‘ਏ’ ਸਰਟੀਫਿਕੇਟ ’ਤੇ 1 ਨੰਬਰ, ‘ਬੀ’ ਸਰਟੀਫਿਕੇਟ ’ਤੇ 2 ਨੰਬਰ ਅਤੇ ‘ਸੀ’ ਸਰਟੀਫਿਕੇਟ ਵਾਲੇ ਨੂੰ 3 ਨੰਬਰ ਦਿੱਤੇ ਜਾਣਗੇ।
ਛੇ ਜ਼ਿਲ੍ਹਿਆਂ ਦੇ ਪਿੰਡਾਂ ਦੀਆਂ ਤਹਿਸੀਲਾਂ ਬਦਲੀਆਂ ਜਾਣਗੀਆਂ
ਹਰਿਆਣਾ ਕੈਬਨਿਟ ਨੇ ਛੇ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਇੱਕ ਤਹਿਸੀਲ ਤੋਂ ਦੂਜੀ ਤਹਿਸੀਲ ਵਿੱਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਮਹਿੰਦਰਗੜ੍ਹ, ਨਾਰਨੌਲ, ਰਿਵਾੜੀ, ਯਮੁਨਾਨਗਰ, ਫਰੀਦਾਬਾਦ, ਸਿਰਸਾ ਅਤੇ ਝੱਜਰ ਦੇ ਪਿੰਡਾਂ ਦੀਆਂ ਤਹਿਸੀਲਾਂ ਬਦਲੀਆਂ ਜਾਣਗੀਆਂ।
