ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਖੱਡ ’ਚ ਡਿੱਗੀ; 3 ਮੌਤਾਂ, 2 ਜ਼ਖ਼ਮੀ
ਅੱਜ ਤੜਕੇ ਊਨਾ ਜ਼ਿਲ੍ਹੇ ਦੇ ਗਗਰੇਟ ਨੇੜੇ ਮੰਘੂਵਾਲ ਵਿਖੇ ਇੱਕ ਨਿੱਜੀ ਐਂਬੂਲੈਂਸ ਦੇ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇੱਕ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਐਂਬੂਲੈਂਸ ਕਾਂਗੜਾ ਜ਼ਿਲ੍ਹੇ ਦੇ ਜਸੂਰ ਤੋਂ ਆ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾਂ ਨੂੰ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਤੋਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਤਿੱਖੇ ਮੋੜ ’ਤੇ ਐਂਬੂਲੈਂਸ ਦੇ ਡਰਾਈਵਰ ਨੇ ਸਟੀਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਐਂਬੂਲੈਂਸ ਖੱਡ ਵਿੱਚ ਜਾ ਡਿੱਗੀ।
ਇਸ ਘਟਨਾ ਦੌਰਾਨ ਮਰੀਜ਼ ਸਮੇਤ ਤਿੰਨ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੰਜੀਵ ਕੁਮਾਰ ਪਥਿਆਰ, ਓਮਕਾਰ ਚੰਦ ਅਤੇ ਰਮੇਸ਼ ਚੰਦ ਵਜੋਂ ਹੋਈ ਹੈ, ਜੋ ਸਾਰੇ ਕਾਂਗੜਾ ਜ਼ਿਲ੍ਹੇ ਦੀ ਤਹਿਸੀਲ ਨਗਰੋਟਾ ਭਗਵਾਨ ਦੇ ਪਿੰਡ ਪਥਿਆਰ ਦੇ ਵਸਨੀਕ ਸਨ।
ਜ਼ਖਮੀ ਰੇਣੂ ਬਾਲਾ ਅਤੇ ਐਂਬੂਲੈਂਸ ਡਰਾਈਵਰ ਬੌਬੀ ਦਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਧਰ ਸਥਾਨਕ ਪੁਲੀਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।