ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬੇਡਕਰ ਦੇ ਬੁੱਤ ਦੀ ਭੰਨਤੋੜ: ਦਲਿਤ ਭਾਈਚਾਰੇ ਵੱਲੋਂ ਲੁਧਿਆਣਾ ’ਚ ਹਾਈਵੇਅ ਜਾਮ, ਜਲੰਧਰ ਵਿਚ ਵੀ ਮੁਕੰਮਲ ਬੰਦ

ਸਨਅਤੀ ਸ਼ਹਿਰ ਦੇ ਕਈ ਪ੍ਰਮੁੱਖ ਬਾਜ਼ਾਰ ਬੰਦ, ਸ਼ਾਹਰਾਹ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ, ਆਮ ਰਾਹਗੀਰ ਹੋਏ ਖੱਜਲ ਖੁਆਰ
ਦਲਿਤ ਭਾਈਚਾਰੇ ਵੱਲੋਂ ਸ਼ਾਹਰਾਹ ਜਾਮ ਕੀਤੇ ਜਾਣ ਕਰਕੇ ਲੁਧਿਆਣਾ-ਜਲੰਧਰ ਹਾਈਵੇ ’ਤੇ ਲੱਗੀਆਂ ਵਾਹਨਾਂ ਦੀਆਂ ਕਤਾਰਾਂ। ਫੋਟੋ: ਹਿਮਾਂਸ਼ੂ ਮਹਾਜਨ
Advertisement

ਨਿਖਿਲ ਭਾਰਦਵਾਜ

ਲੁਧਿਆਣਾ, 28 ਜਨਵਰੀ

Advertisement

ਅੰਮ੍ਰਿਤਸਰ ਵਿਚ 26 ਜਨਵਰੀ ਨੂੰ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਤੋਂ ਨਾਰਾਜ਼ ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਉੱਤੇ ਅੱਜ ਇਥੇ ਜਲੰਧਰ ਬਾਈਪਾਸ ਨੇੜੇ ਜਲੰਧਰ-ਲੁਧਿਆਣਾ ਕੌਮੀ ਸ਼ਾਹਰਾਹ ਜਾਮ ਕੀਤਾ ਗਿਆ।

ਦਲਿਤ ਭਾਈਚਾਰੇ ਵੱਲੋਂ ਸ਼ਾਹਰਾਹ ਜਾਮ ਕੀਤੇ ਜਾਣ ਕਰਕੇ ਖੱਜਲ ਖੁਆਰ ਹੁੰਦੇ ਆਮ ਰਾਹਗੀਰ। ਫੋਟੋਆਂ: ਹਿਮਾਂਸ਼ੂ ਮਹਾਜਨ

ਵੱਡੀ ਗਿਣਤੀ ਵਿਚ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਨੇ ਉਪਰੋਕਤ ਘਟਨਾ ਖਿਲਾਫ਼ ਰੋਸ ਜਤਾਇਆ। ਬੰਦ ਦਾ ਅਸਰ ਲੁਧਿਆਣਾ ਦੀਆਂ ਕਈ ਮਾਰਕੀਟਾਂ ਵਿਚ ਦੇਖਿਆ ਗਿਆ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਸ਼ਹਿਰ ਦੇ ਪੁਰਾਣੇ ਹਿੱਸੇ ਜਿਵੇਂ ਚੌੜਾ ਬਾਜ਼ਾਰ, ਭਦੌੜ ਹਾਊਸ, ਰੇਲਵੇ ਰੋਡ, ਮਾਤਾ ਰਾਣੀ ਚੌਕ, ਘੰਟਾ ਘਰ ਚੌਕ ਆਦਿ ਸਣੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਬੰਦ ਦੇ ਸੱਦੇ ਕਰਕੇ ਵੱਡੀ ਗਿਣਤੀ ਰਾਹਗੀਰ ਕੌਮੀ ਸ਼ਾਹਰਾਹ ਉੱਤੇ ਫਸੇ ਰਹੇ। ਸ਼ਾਹਰਾਹਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੜੇ ਰਹੇ।

ਜਲੰਧਰ ਵਿੱਚ ਵੀ ਮੁਕੰਮਲ ਬੰਦ

ਜਲੰਧਰ(ਦੀਪਕਮਲ ਕੌਰ): ਅੰਮ੍ਰਿਤਸਰ ਵਿਚ ਦੋ ਦਿਨ ਪਹਿਲਾਂ ਡਾ.ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦੇ ਵਿਰੋਧ ਵਿਚ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਬੰਦ ਕਰਕੇ ਜਲੰਧਰ ਵਿਚ ਤਕਰੀਬਨ ਸਾਰੇ ਬਾਜ਼ਾਰ ਖੇਤਰ, ਨਿੱਜੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਰਹੇ।

ਫੋਟੋਆਂ : ਸਰਬਜੀਤ ਸਿੰਘ

ਰਾਮਾ ਮੰਡੀ, ਨਕੋਦਰ ਚੌਕ ਅਤੇ ਪਠਾਨਕੋਟ ਚੌਕ ਸਮੇਤ ਸ਼ਹਿਰ ਦੇ ਲਗਪਗ ਸਾਰੇ ਮੁੱਖ ਚੌਰਾਹਿਆਂ ਨੂੰ ਰਵਿਦਾਸੀਆ ਅਤੇ ਵਾਲਮੀਕ ਆਗੂਆਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਕਰ ਦਿੱਤਾ ਗਿਆ। ਨੌਜਵਾਨਾਂ ਨੇ ਸ਼ਹਿਰ ਭਰ ਵਿੱਚ ਸਾਈਕਲਾਂ ’ਤੇ ਮਾਰਚ ਕੱਢਿਆ ਅਤੇ ਸਾਰਿਆਂ ਨੂੰ ਘਰ ਦੇ ਅੰਦਰ ਰਹਿਣ ਅਤੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਬੰਦ ਦੀ ਹਮਾਇਤ ਵਿੱਚ ਅੱਜ ‘ਨੋ ਵਰਕ ਡੇਅ’ ਦਾ ਸੱਦਾ ਦਿੱਤਾ ਸੀ।

ਬੰਦ ਦੀ ਹਮਾਇਤ ਦਾ ਐਲਾਨ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕੀਤਾ ਸੀ, ਜਿਨ੍ਹਾਂ ਅੱਜ ਅੰਮ੍ਰਿਤਸਰ ਜਾ ਕੇ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਭੰਨ-ਤੋੜ ਹੋਈ ਸੀ ਅਤੇ ਉਥੇ ਰੋਸ ਦਰਜ ਕਰਵਾਇਆ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਸਮੇਤ ਭਾਜਪਾ ਆਗੂਆਂ ਨੇ ਵੀ ਇਸ ਮੁੱਦੇ ’ਤੇ ਇਕਮੁੱਠਤਾ ਪ੍ਰਗਟਾਉਣ ਲਈ ਅੰਬੇਡਕਰ ਚੌਕ ’ਤੇ ਮੌਨ ਧਰਨਾ ਦਿੱਤਾ।

Advertisement
Show comments