ਅਮਨ ਅਰੋੜਾ ਨੇ ਕੇਂਦਰੀ ਗ੍ਰਹਿ ਮੰਤਰੀ ’ਤੇ ਸੇਧੇ ਨਿਸ਼ਾਨੇ
ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ ਦਿਵਾ ਕੇ ਹੱਥ ਪਿੱਛੇ ਖਿੱਚਣ ਦਾ ਦੋਸ਼
Advertisement
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਵੱਲੋਂ ਹੜ੍ਹ ਪ੍ਰਭਾਵਿਤ ਸੂਬੇ ਪੰਜਾਬ ਦੀ ਮਦਦ ਨਾ ਕਰਨ ’ਤੇ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਅੱਜ ਇੱਥੇ ਪੰਜਾਬ ਭਵਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਆਏ ਸਨ। ਉਨ੍ਹਾਂ ਕਿਹਾ ਕਿ ਸ਼ਾਹ ਨੇ ਮੁੱਖ ਮੰਤਰੀ ਨੂੰ ਹੋਰ ਰਾਹਤ ਦੇਣ ਦਾ ਵਾਅਦਾ ਕਰ ਕੇ ਹੱਥ ਪਿੱਛੇ ਖਿੱਚ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੇਂਦਰ ਨੇ ਗੁੰਮਰਾਹਕੁਨ ਅੰਕੜੇ ਪੇਸ਼ ਕਰ ਕੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸ੍ਰੀ ਮਾਨ ਨੇ ਸੂਬੇ ਲਈ 13,800 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਅਤੇ ਕਿਸਾਨਾਂ ਤੱਕ ਅਸਲ ਮੁਆਵਜ਼ਾ ਪਹੁੰਚਾਉਣਾ ਯਕੀਨੀ ਬਣਾਉਣ ਲਈ ਐੱਸ ਡੀ ਆਰ ਐੱਫ ਤੇ ਐੱਨ ਡੀ ਆਰ ਐਫ ਨਿਯਮਾਂ ਵਿੱਚ ਢਿੱਲ ਅਤੇ ਮੀਂਹ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਝੋਨੇ ਦੀ ਖ਼ਰੀਦ ਦੇ ਨਿਯਮਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਾਹ ਨੇ ਪੰਜਾਬ ਨੂੰ ਭਰੋਸਾ ਦਿੱਤਾ ਸੀ ਕਿ ਕੇਂਦਰ ਲੋੜ ਪੈਣ ’ਤੇ ਮਦਦ ਕਰੇਗਾ ਪਰ ਕੁਝ ਘੰਟਿਆਂ ਬਾਅਦ ਹੀ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਕੋਲ ਪਹਿਲਾਂ ਹੀ ਐੱਸ ਡੀ ਆਰ ਐੱਫ ਅਧੀਨ 12,590 ਕਰੋੜ ਰੁਪਏ ਉਪਲਬਧ ਹਨ। ਉਹ ਉਸ ਵਿੱਚੋਂ ਖ਼ਰਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੇ ਪੈਕੇਜ ਵਿੱਚ 805 ਕਰੋੜ ਰੁਪਏ ਪਹਿਲੇ ਹੀ ਐੱਨ ਐੱਚ ਏ ਆਈ ਤਹਿਤ ਜਾਰੀ ਕਰਨ ਦਾ ਹਵਾਲਾ ਦਿੱਤਾ।
Advertisement
Advertisement