ਹੜ੍ਹਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਦੇ ਸਾਰੇ ਪ੍ਰੋਗਰਾਮ ਰੱਦ
ਪੰਜ ਦਿਨ ਚੱਲਣੇ ਸਨ ਸਮਾਗਮ; ਮੁੱਖ ਮੰਤਰੀ ਨੇ ਕਰਨੀ ਸੀ ਸ਼ਮੂਲੀਅਤ
Advertisement
ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਯਾਦ ਵਿੱਚ ਇੱਥੇ 19 ਤੋਂ 23 ਸਤੰਬਰ ਤੱਕ ਮਨਾਏ ਜਾਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਦੇ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਮਾਗਮ ਰੱਦ ਕਰ ਦਿੱਤੇ ਹਨ। ਹਲਕਾ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਖੇਡ ਕਲੱਬਾਂ ਵੱਲੋਂ ਟੂਰਨਾਮੈਂਟ ਨਿੱਜੀ ਤੌਰ ’ਤੇ ਕਰਵਾਉਣ ਬਾਰੇ ਅੰਤਿਮ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੈਣਾ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਆਗਮਨ ਪੁਰਬ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਮੁੱਚਾ ਪ੍ਰਸ਼ਾਸਨ ਹੁਣ ਹੜ੍ਹਾਂ ਨਾਲ ਨਜਿੱਠਣ ਵਿੱਚ ਲੱਗਿਆ ਹੋਇਆ ਹੈ। ਆਗਮਨ ਪੁਰਬ ਦੇ ਆਖਰੀ ਦਿਨ ਨਗਰ ਕੀਰਤਨ ਅਤੇ ਹੋਰ ਧਾਰਮਿਕ ਸਮਾਗਮ ਪਹਿਲਾਂ ਵਾਂਗ ਹੋਣਗੇ। ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਲੰਗਰ ਹੁਣ ਹੜ੍ਹ ਪੀੜਤ ਖੇਤਰਾਂ ਵਿੱਚ ਲਾਉਣ ਦਾ ਫੈਸਲਾ ਕੀਤਾ ਹੈ।
Advertisement
Advertisement