ਅਕਾਲੀਆਂ ਨੇ ਧਰਮ ਨੂੰ ਢਾਲ ਵਜੋਂ ਵਰਤਿਆ: ਭਗਵੰਤ ਮਾਨ
ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਪਰਾਲਿਆਂ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸੂਬੇ ਦੇ 142 ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ 71 ਕਰੋੜ ਰੁਪਏ ਦੇ ਚੈੱਕ ਵੰਡੇ। ਅੱਜ ਲੱਡਾ ਦੇ ਸੈਫਰਨ ਪਾਮ ’ਚ ਚੈੱਕ ਸੌਂਪਣ ਮੌਕੇ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਸਰਕਾਰ ਦਾ ਨਿਮਾਣਾ ਉਪਰਾਲਾ ਆਖਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਗਰਾਂਟਾਂ ਦੀ ਵਰਤੋਂ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸੰਗਤ ਲਈ ਸਹੂਲਤਾਂ, ਪਵਿੱਤਰ ਅਸਥਾਨਾਂ ਦੇ ਆਉਣ-ਜਾਣ ਵਾਲੇ ਰਸਤਿਆਂ ਦੀ ਦਿੱਖ ਸੰਵਾਰਨ ਅਤੇ ਹੋਰ ਲੋੜੀਂਦੇ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਨੁਕਸ ਕੱਢਣ ਵਾਲਿਆਂ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਧਰਮ ਨੂੰ ਢਾਲ ਵਜੋਂ ਵਰਤਿਆ ਹੈ ਅਤੇ ਹੁਣ ਜਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਚੁੱਕੇ ਹਨ ਤਾਂ ਮਰਿਆਦਾ ਦਾ ਪਾਠ ਪੜ੍ਹਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਗੋਲਕਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਦਾਅਵੇ ਨੂੰ ਸਹੀ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਧਾਰਮਿਕ ਸੰਸਥਾ ਦੇ ਪੈਸੇ ਵਿੱਚੋਂ ਇਸ਼ਤਿਹਾਰ ਦਿੱਤੇ ਸਨ ਜਿਸ ਨੂੰ ਛੋਟੇ ਬਾਦਲ ਖੁਦ ਕਬੂਲਦੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਧੂਰੀ ਹਲਕੇ ਦੇ 17 ਪਿੰਡਾਂ ਵਿੱਚ 7.57 ਕਰੋੜ ਰੁਪਏ ਦੀ ਲਾਗਤ ਵਾਲੇ 38 ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਬੇਨੜਾ ਵਿੱਚ 50 ਲੱਖ ਦੀ ਲਾਗਤ ਨਾਲ ਤਿਆਰ ਆਧੁਨਿਕ ਜਿਮ ਅਤੇ 20 ਲੱਖ ਦੀ ਲਾਗਤ ਨਾਲ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਆਦਿ ਮੌਜੂਦ ਸਨ।
ਮੁੱਖ ਮੰਤਰੀ ਦੀ ਆਮਦ ਕਾਰਨ ਜਾਮ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਬੇਨੜਾ ਅਤੇ ਲੱਡਾ ਦੇ ਵੱਖ-ਵੱਖ ਸਮਾਗਮਾਂ ’ਚ ਆਮਦ ਦੌਰਾਨ ਸੰਗਰੂਰ-ਲੁਧਿਆਣਾ ਸੜਕ ’ਤੇ ਆਵਾਜਾਈ ਰੋਕਣ ਕਾਰਨ ਧੂਰੀ ਦੇ ਸੰਗਰੂਰ ਚੌਕ ਵਿੱਚ ਵਾਹਨਾਂ ਦੀਆਂ ਦੂਰ-ਦੂਰ ਤੱਕ ਕਤਾਰਾਂ ਲੱਗ ਗਈਆਂ। ਇਸ ਦੌਰਾਨ ਜਾਮ ਵਿੱਚ ਫਸੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਤੇ ਉਹ ਆਪਣੀਆਂ ਮੰਜ਼ਿਲਾਂ ’ਤੇ ਦੇਰ ਨਾਲ ਪੁੱਜੇ। ਪੁਲੀਸ ਵੱਲੋਂ ਵਾਹਨਾਂ ਚਾਲਕਾਂ ਨੂੰ ਬਦਲਵੇਂ ਰੂਟਾਂ ਲਈ ਅੱਗੇ ਰਵਾਨਾ ਕੀਤਾ ਗਿਆ।
