ਅਕਾਲੀ ਦਲ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮਤਾ ਪਾਸ
ਚਰਨਜੀਤ ਭੁੱਲਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖ਼ਿਲਾਫ਼ ਸੂਬਾਈ ਅੰਦੋਲਨ ਨੂੰ ਉਨਾ ਚਿਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਜਦੋਂ ਤੱਕ ਸਰਕਾਰ ਇਹ ਨੀਤੀ ਵਾਪਸ ਨਹੀਂ ਲੈਂਦੀ। ਕੋਰ ਕਮੇਟੀ ਨੇ ਇਸ ਨੀਤੀ ਨੂੰ ‘ਲੈਂਡ ਗਰੈਬਿੰਗ ਯੋਜਨਾ’ ਕਿਹਾ। ਅਕਾਲੀ ਦਲ ਨੇ ਇਸ ਨੀਤੀ ਖ਼ਿਲਾਫ਼ ਅਗਲਾ ਰੋਸ ਧਰਨਾ 4 ਅਗਸਤ ਨੂੰ ਬਠਿੰਡਾ ਅਤੇ 11 ਅਗਸਤ ਨੂੰ ਪਟਿਆਲਾ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਮਗਰੋਂ ਬਾਕੀ ਸਾਰੇ ਜ਼ਿਲ੍ਹਾ ਪੱਧਰ ’ਤੇ ਰੋਸ ਧਰਨੇ ਦਿੱਤੇ ਜਾਣੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਵਿੱਚ ਰੋਸ ਪ੍ਰਦਰਸ਼ਨਾਂ ਦੀ ਰਣਨੀਤੀ ਤਿਆਰ ਕੀਤੀ ਗਈ ਅਤੇ ਇਸ ਨੀਤੀ ਖ਼ਿਲਾਫ਼ ਰੂਪ ਰੇਖਾ ਬਾਰੇ ਵਰਕਿੰਗ ਕਮੇਟੀ ਦੀ ਵੱਖਰੀ ਮੀਟਿੰਗ ਵਿੱਚ ਵੀ ਜ਼ਿਲ੍ਹਾ ਜਥੇਦਾਰਾਂ ਨਾਲ ਚਰਚਾ ਕੀਤੀ ਗਈ। ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਹੋਈਆਂ ਮੀਟਿੰਗਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਰ੍ਹੇਗੰਢ ਅਤੇ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿੱਚ ਇਤਿਹਾਸਕ ਰੱਖੜ ਪੁਨਿੰਆ ਕਾਨਫ਼ਰੰਸ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਅਕਾਲੀ ਦਲ 20 ਅਗਸਤ ਨੂੰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਸ਼ਹੀਦੀ ਵਰ੍ਹੇਗੰਢ ਮਨਾਏਗਾ।
ਇਸੇ ਤਰ੍ਹਾਂ ਪਾਰਟੀ ਨੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸਨਮਾਨ ਵਿੱਚ ਈਸੜੂ ਵਿੱਚ ਕਾਨਫ਼ਰੰਸ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ। ਮੀਟਿੰਗ ਵਿੱਚ ਮਰਹੂਮ ਫੌਜਾ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਸੁਖਬੀਰ ਬਾਦਲ ਨੇ ਮੀਟਿੰਗਾਂ ਤੋਂ ਪਹਿਲਾਂ ਪਾਰਟੀ ਦੀ ਰਾਜ ਵਿਆਪੀ ਮੁਹਿੰਮ, ‘ਪ੍ਰਾਊਡ ਟੂ ਬੀ ਅਕਾਲੀ’ (ਮੈਨੂੰ ਮਾਣ ਅਕਾਲੀ ਹੋਣ ’ਤੇ) ਨੂੰ ਰਵਾਇਤੀ ਜੈਕਾਰਿਆਂ ਦਰਮਿਆਨ ਸ਼ੁਰੂ ਕੀਤੀ। ਪ੍ਰਧਾਨ ਨੇ ਵਰਕਰਾਂ ਦੇ ਵਾਹਨਾਂ ’ਤੇ ਸਟਿੱਕਰ ਲਗਾ ਕੇ ਰਵਾਨਾ ਕੀਤਾ ਅਤੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਸਮਰਥਕਾਂ ਦੇ ਘਰਾਂ ’ਤੇ ਲਹਿਰਾਉਣ ਲਈ ਝੰਡੇ ਵੀ ਜਾਰੀ ਕੀਤੇ। ਮੀਟਿੰਗ ’ਚ ਜੈਪੁਰ ਵਿੱਚ ਰਾਜਸਥਾਨ ਜੁਡੀਸ਼ਰੀ ਦੀ ਪ੍ਰੀਖਿਆ ਦੇਣ ਤੋਂ ਇੱਕ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਰੋਕਣ ਦੀ ਘਟਨਾ ਦੀ ਵੀ ਨਿੰਦਾ ਕੀਤੀ ਗਈ। ਕੋਰ ਕਮੇਟੀ ਦੀ ਮੀਟਿੰਗ ਵਿੱਚ ਇੱਕ ਮਤੇ ਵਿੱਚ ਕਿਹਾ ਗਿਆ, ‘ਭਾਰਤ ਦੇ ਸੰਵਿਧਾਨ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਤੁਰੰਤ ਖ਼ਤਮ ਹੋਣਾ ਚਾਹੀਦਾ ਹੈ।’ ਮੀਟਿੰਗਾਂ ਮਗਰੋਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ, ਖ਼ਾਸ ਕਰਕੇ ਮੁੱਖ ਮੰਤਰੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਨੂੰ ਸ੍ਰੀਨਗਰ ਵਿੱਚ ਮਨੋਰੰਜਨ ਪ੍ਰੋਗਰਾਮ ਵਿੱਚ ਬਦਲ ਕੇ ਕੀਤੀ ਬੇਅਦਬੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜੀਜੇ ਗੁਰਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ ਗਿਆ।