ਅਕਾਲੀ ਦਲ ਨੇ ਬੇਅਦਬੀ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਇਆ
ਸ਼੍ਰੋਮਣੀ ਅਕਾਲੀ ਦਲ ਨੇ ਸਾਲ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ (ਆਪ) ਤੇ ਇਸ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਉਦੋਂ ਹੀ ਵਾਪਰਨੀਆਂ ਸ਼ੁਰੂ ਹੋਈਆਂ ਜਦੋਂ ਤੋਂ ‘ਆਪ’ ਸੂਬੇ ਵਿਚ ਸਰਗਰਮ ਹੋਈ ਸੀ। ਉਸ ਵੇਲੇ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਨੂੰ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਮੌਜੂਦਾ ਦੋ ਕੈਬਨਿਟ ਮੰਤਰੀਆਂ ਨੇ ਉਸ ਵੇਲੇ ਨਰੇਸ਼ ਯਾਦਵ ਦਾ ਕੇਸ ਲੜਿਆ ਸੀ। ਉਨ੍ਹਾਂ ਕਿਹਾ ਕਿ ਨਰੇਸ਼ ਯਾਦਵ ਨੂੰ ਜੂਨ 2016 ਵਿਚ ਬੇਅਦਬੀ ਮਾਮਲਿਆਂ ਦੇ ਮੁਲਜ਼ਮਾਂ ਦੇ ਖਾਤੇ ਵਿੱਚ ਕਥਿਤ ਤੌਰ ’ਤੇ 90 ਲੱਖ ਰੁਪਏ ਪਾਉਣ ਤੇ 13 ਵਾਰ ਫੋਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ‘ਆਪ’ ਦੇ ਸੱਤਾ ਵਿੱਚ ਆਉਣ ’ਤੇ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ।
ਸ੍ਰੀ ਰੋਮਾਣਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਦੋਵਾਂ ਨੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕੀਤੀ ਹੈ। ਪੰਜਾਬ ਵਿੱਚ ਮੌਜੂਦਾ ਸਮੇਂ ‘ਆਪ’ ਵੀ ਕਾਂਗਰਸ ਦੇ ਨਕਸ਼ੇ ਕਦਮ ’ਤੇ ਚਲ ਰਹੀ ਹੈ। ਕਾਂਗਰਸ ਨੇ 2018 ਵਿਚ ਬੇਅਦਬੀ ਮਾਮਲੇ ’ਤੇ ਵਿਸ਼ੇਸ਼ ਇਜਲਾਸ ਸੱਦਿਆ ਸੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ‘ਆਪ’ ਸਰਕਾਰ ਨੇ ਇਹ ਮੁੱਦਾ ਛੇੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇਕ ਸਲਾਹਕਾਰ ਕਮੇਟੀ ਬਣਾ ਦਿੱਤੀ ਹੈ, ਜਿਸ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਲੋਕਾਂ ਤੋਂ ਸੁਝਾਅ ਲਵੇ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਛੇ ਮਹੀਨੇ ਬਾਅਦ ਫਿਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਸ ਮੁੱਦੇ ’ਤੇ ਹੋਰ ਰਾਜਨੀਤੀ ਕੀਤੀ ਜਾਵੇਗੀ।