ਹੜ੍ਹ ਰਾਹਤ ਕਾਰਜਾਂ ਲਈ ਅਕਾਲ ਤਖ਼ਤ ਵੱਲੋਂ ਵੈੱਬਸਾਈਟ ਲਾਂਚ
ਇਸ ਸਬੰਧੀ ਜਥੇਦਾਰ ਨੇ ਪੰਜਾਬ ’ਚ ਸੇਵਾ ਅਤੇ ਰਾਹਤ ਕਾਰਜ ਕਰ ਰਹੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ, ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈੱਬਸਾਈਟ ’ਤੇ ਆਪਣੀ ਜਥੇਬੰਦੀ ਅਤੇ ਸੇਵਾਵਾਂ ਸਬੰਧੀ ਵੇਰਵਿਆਂ ਨੂੰ ਰਜਿਸਟਰ ਕਰਨ ਤਾਂ ਜੋ ਨੀਤੀਗਤ ਢੰਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਜਥੇਦਾਰ ਨੇ ਕਿਹਾ ਕਿ ਬੀਤੇ ਦਿਨੀਂ ਕਈ ਸਿੱਖ ਸੰਸਥਾਵਾਂ ਨੇ ਅਕਾਲ ਤਖ਼ਤ ’ਤੇ ਪਹੁੰਚ ਕੀਤੀ ਅਤੇ ਰਾਹਤ ਕਾਰਜ ਚਲਾ ਰਹੀਆਂ ਸੰਸਥਾਵਾਂ ਵਿੱਚ ਆਪਸੀ ਤਾਲਮੇਲ ਅਤੇ ਪਾਰਦਰਸ਼ਤਾ ਹੋਣ ਬਾਰੇ ਮੰਗ ਕੀਤੀ। ਇਸ ਸਬੰਧ ਵਿੱਚ ਸੇਵਾ ਕਰ ਰਹੀਆਂ ਸਮੂਹ ਸੰਸਥਾਵਾਂ, ਸ਼ਖ਼ਸੀਅਤਾਂ ਨਾਲ ਅਕਾਲ ਤਖ਼ਤ ਸਾਹਿਬ ਵਲੋਂ 13 ਸਤੰਬਰ ਨੂੰ ਮੀਟਿੰਗ ਕੀਤੀ ਗਈ ਅਤੇ ਸੁਝਾਅ ਲਏ ਗਏ, ਜਿਸ ਮਗਰੋਂ ਇਹ ਵੈੱਬਸਾਈਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕੋਈ ਵੀ ਵਿਅਕਤੀ ਵੈੱਬਸਾਈਟ ’ਤੇ ਰਜਿਸਟਰ ਕਰ ਕੇ ਮਦਦ ਦੀ ਲੋੜ ਬਾਰੇ ਜਾਂ ਜੋ ਸੇਵਾ ਕਰ ਸਕਦਾ ਹੋਵੇ, ਆਪਣੀ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ। ਜਾਣਕਾਰੀ ਰਜਿਸਟਰ ਹੋਣ ਮਗਰੋਂ ਉਸ ਦੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਵਾਲੰਟੀਅਰਾਂ ਵੱਲੋਂ ਤਸਦੀਕ ਕੀਤੀ ਜਾਵੇਗੀ ਅਤੇ ਸਹੀ ਹੋਣ ਉਪਰੰਤ ਸੇਵਾ ਕਰਨ ਵਾਲੀ ਸੰਸਥਾ ਨੂੰ ਕਾਰਜ ਸੌਂਪ ਦਿੱਤਾ ਜਾਵੇਗਾ।