ਪ੍ਰਤਾਪ ਸਪਿੰਨ ਟੈਕਸ ਦੇ ਪ੍ਰਬੰਧਕਾਂ ਤੇ ਮੁਲਾਜ਼ਮਾਂ ਵਿਚਾਲੇ ਸਮਝੌਤਾ
ਕੱਪੜਾ ਬਣਾਉਣ ਵਾਲੀ ਕੰਪਨੀ ‘ਪ੍ਰਤਾਪ ਸਪਿੰਨ ਟੈਕਸ ਪ੍ਰਾਈਵੇਟ ਲਿਮਟਿਡ’ ਵਿੱਚ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਿਚਾਲੇ ਕੁਝ ਸਮੇਂ ਤੋਂ ਚੱਲ ਰਹੇ ਟਕਰਾਅ ਤੋਂ ਬਾਅਦ ਅੱਜ ‘ਪ੍ਰਤਾਪ ਸਪਿੰਨ ਟੈਕਸ ਪ੍ਰਾਈਵੇਟ ਲਿਮਟਿਡ’ ਅਤੇ ‘ਪ੍ਰਤਾਪ ਸਪਿੰਨ ਟੈਕਸ ਕਰਮਚਾਰੀ ਏਟਕ’ ਵਿੱਚ ਸਮਝੌਤਾ ਹੋ ਗਿਆ ਹੈ। ਇਹ ਸਮਝੌਤਾ ਹਰਿਆਣਾ ਦੇ ਕਿਰਤ ਕਮਿਸ਼ਨਰ ਮਨੀਰਾਮ ਅਤੇ ਸੰਯੁਕਤ ਲੇਬਰ ਕਮਿਸ਼ਨਰ ਪਰਮਜੀਤ ਸਿੰਘ ਡੁੱਲ ਦੀ ਅਗਵਾਈ ਹੇਠ ਚੰਡੀਗੜ੍ਹ ਦਫ਼ਤਰ ਵਿੱਚ ਹੋਇਆ ਹੈ। ਕੰਪਨੀ ਵਿੱਚ 700 ਪੱਕੇ ਤੇ ਠੇਕਾ ਕਰਮਚਾਰੀ ਕੰਮ ਕਰਦੇ ਹਨ। ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਨੂੰ ਕਿਰਤ ਕਾਨੂੰਨ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ। ਇਸ ਦਾ ਵਿਰੋਧ ਕਰਨ ’ਤੇ ਕੰਪਨੀ ਪ੍ਰਬੰਧਕਾਂ ਨੇ 23 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। 23 ਜਣਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਖ਼ਿਲਾਫ਼ ਸਾਰੇ ਮੁਲਾਜ਼ਮਾਂ ਨੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ। ਇਸ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਸਾਰੇ ਮੁਲਾਜ਼ਮ ਬਹਾਲ ਕਰ ਦਿੱਤੇ। ਇਸ ਦੇ ਨਾਲ ਹੀ ਕਿਰਤ ਕਮਿਸ਼ਨਰ ਵੱਲੋਂ ਕੰਪਨੀ ਪ੍ਰਬੰਧਕਾਂ ਨੂੰ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ। ਹਰਿਆਣਾ ਦੇ ਕਿਰਤ ਕਮਿਸ਼ਨਰ ਮਨੀਰਾਮ ਨੇ ਕਿਹਾ ਕਿ ਕਿਰਤ ਵਿਭਾਗ ਦਾ ਉਦੇਸ਼ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਸਮਝੌਤੇ ਰਾਹੀਂ ਕਿਰਤੀਆਂ ਨੂੰ ਲਾਭ ਹੋਵੇਗਾ ਅਤੇ ਕੰਪਨੀ ਵਿੱਚ ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਹੋਵੇਗੀ। ਇਸ ਮੌਕੇ ਕਰਮਚਾਰੀ ਰਾਜੇਸ਼ ਸ਼ਰਮਾ, ਬੀਰਬਲ ਕੁਮਾਰ, ਸੀਤਾਰਾਮ ਪਾਸਵਾਨ, ਅਮਰਜੀਤ ਕੁਮਾਰ ਸਿੰਘ, ਸ਼ਿਵ ਸ਼ੰਕਰ ਤੇ ਹੋਰ ਮੈਂਬਰ ਮੌਜੂਦ ਸਨ।