ਹੜ੍ਹਾਂ ਦੀ ਮਾਰ ਮਗਰੋਂ ਬਿਮਾਰੀਆਂ ਨੇ ਢਾਹਿਆ ਕਹਿਰ
ਭਾਵੇਂ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਬਿਮਾਰੀਆਂ ਦਾ ਪਸਾਰ ਹੋਣ ਲੱਗਿਆ ਹੈ। ਹਰ ਰੋਜ਼ ਵੱਡੀ ਗਿਣਤੀ ’ਚ ਲੋਕ ਬਿਮਾਰ ਹੋ ਰਹੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪਾਂ ਜ਼ਰੀਏ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਅੱਜ ਪੰਜਾਬ ਦੇ 1,118 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ। 20,668 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 6,568 ਲੋਕ ਵੱਖ-ਵੱਖ ਰੋਗਾਂ ਤੋਂ ਪੀੜਤ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਸਾਫ਼-ਸਫਾਈ ਦੇ ਕੰਮਾਂ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਅੱਜ ਲਾਏ ਗਏ ਮੈਡੀਕਲ ਕੈਂਪਾਂ ਦੌਰਾਨ 2,606 ਲੋਕ ਚਮੜੀ ਦੇ ਰੋਗ ਤੋਂ ਪੀੜਤ ਪਾਏ ਗਏ। ਇਸ ਤੋਂ ਇਲਾਵਾ 2,324 ਜਣਿਆਂ ਨੂੰ ਬੁਖਾਰ ਸੀ ਅਤੇ 1,133 ਜਣਿਆਂ ਨੂੰ ਅੱਖਾਂ ਦੀ ਇਨਫੈਕਸ਼ਨ ਸੀ। ਇਸੇ ਤਰ੍ਹਾਂ 505 ਜਣਿਆਂ ਨੂੰ ਡਾਇਰੀਆ ਹੋਇਆ ਪਿਆ ਸੀ। ਸੂਬਾ ਸਰਕਾਰ ਵੱਲੋਂ ਉਕਤ ਬਿਮਾਰੀਆਂ ਦੇ ਆਧਾਰ ’ਤੇ ਵੱਖ-ਵੱਖ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਘਰ-ਘਰ ਆਸ਼ਾ ਵਰਕਰਾਂ ਨੂੰ ਭੇਜ ਕੇ ਵੀ ਬਿਮਾਰ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਅੱਜ ਆਸ਼ਾ ਵਰਕਰਾਂ ਨੇ 1,471 ਪਿੰਡਾਂ ਦੇ 62,021 ਘਰਾਂ ਦਾ ਦੌਰਾ ਕੀਤਾ ਹੈ। ਇਸ ਦੌਰਾਨ 1,105 ਜਣਿਆਂ ਨੂੰ ਬੁਖਾਰ ਚੜ੍ਹਿਆ ਹੋਇਆ ਸੀ। ਆਸ਼ਾ ਵਰਕਰਾਂ ਵੱਲੋਂ 20,276 ਘਰਾਂ ਵਿੱਚ ਸਿਹਤ ਕਿੱਟਾਂ ਵੰਡੀਆਂ ਗਈਆਂ, ਜਿਸ ਵਿੱਚ ਬੁਖਾਰ ਦੀ ਦਵਾਈ, ਓ.ਆਰ.ਐੱਸ. ਅਤੇ ਹੋਰ ਲੋੜੀਂਦੀ ਦਵਾਈ ਸ਼ਾਮਲ ਸੀ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਫੌਗਿੰਗ ਕੀਤੀ ਜਾ ਰਹੀ ਹੈ ਅਤੇ ਮੱਛਰਾਂ ਦੇ ਲਾਰਵੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ 19,303 ਘਰਾਂ ਦੇ ਅੰਦਰ ਅਤੇ ਇਨ੍ਹਾਂ ਦੇ ਨੇੜੇ ਫੌਗਿੰਗ ਕੀਤੀ ਗਈ