ਮੰਡਾਲਾ ਛੰਨਾਂ ਨੇੜੇ ਸਤਲੁਜ ਦਾ ਐਡਵਾਂਸ ਬੰਨ੍ਹ ਟੁੱਟਿਆ
ਬਲਾਕ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਮੰਡਾਲਾ ਛੰਨਾਂ ਨੇੜੇ ਸਤੁਲਜ ਦਰਿਆ ਦੇ ਅਡਵਾਸ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ। ਇਸ ਸਥਾਨ ’ਤੇ ਚਿੱਟੀ ਵੇਈਂ ਦਰਿਆ ਸਤੁਲਜ ਵਿੱਚ ਮਿਲਦੀ ਹੈ। ਵੇਂਈ ਅਤੇ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਮੇਨ ਬੰਨ੍ਹ ਵਿੱਚ ਲੋਕਾਂ ਵੱਲੋਂ ਖੁਦ ਆਪਣੀਆਂ ਫਸਲਾਂ ਨੂੰ ਪਾਣੀ ਤੋਂ ਬਚਾਉਣ ਲਈ ਅਡਵਾਸ ਬੰਨ੍ਹ ਲਗਾਇਆ ਹੋਇਆ ਸੀ। ਦਰਿਆ ਸਤਲੁਜ ਵਿੱਚ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਲੋਕਾਂ ਵੱਲੋਂ ਖੁਦ ਲਗਾਇਆ ਹੋਇਆ ਅਡਵਾਸ ਬੰਨ੍ਹ ਟੁੱਟ ਹੋ ਗਿਆ। ਜਾਣਕਾਰੀ ਅਨੁਸਾਰ ਦਰਿਆ ਸਤੁਲਜ ਵਿਚ ਇਸ ਸਮੇਂ 35000 ਕਿਊਸਕ ਪਾਣੀ ਵਗ ਰਿਹਾ ਹੈ। ਪਾਣੀ ਦਰਿਆ ਦੇ ਧੁੱਸੀ ਬੰਨ੍ਹ ਦੇ ਕਿਨਾਰਿਆਂ ਨੂੰ ਲੱਗ ਚੁੱਕਿਆ ਹੈ। ਪਿੰਡ ਸੰਗੋਵਾਲ ਤੋਂ ਲੈ ਕੇ ਗਿੱਦੜਪਿੰਡੀ ਦੇ ਪੁਲ ਤੱਕ ਦਰਿਆ ਕਿਨਾਰੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਉੱਪਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਬੰਨ੍ਹ ਦੇ ਨਜ਼ਦੀਕ ਰਹਿਣ ਵਾਲੇ ਅਨੇਕਾਂ ਲੋਕ ਹੜ੍ਹ ਦੇ ਖਤਰੇ ਨੂੰ ਭਾਪਦੇ ਹੋਏ ਆਪਣਾ ਸਾਮਾਨ ਵੀ ਉੱਚੀਆਂ ਥਾਵਾਂ ’ਤੇ ਲਿਜਾਣ ਲੱਗ ਪਏ ਹਨ। ਪ੍ਰਸ਼ਾਸਨ ਵੀ ਦਰਿਆ ਕਿਨਾਰੇ ਵਸੇ ਲੋਕਾਂ ਨੂੰ ਇਸ ਸਬੰਧੀ ਚੌਕਸ ਕਰ ਰਿਹਾ ਹੈ। ਉਂਝ ਦਰਿਆ ਸਤਲੁਜ ਵਿੱਚ 70000 ਕਿਊਸਕ ਪਾਣੀ ਸਮਾਉਣ ਦੀ ਸਮਰਥਾ ਦੱਸੀ ਜਾ ਰਹੀ ਹੈ। ਪਹਾੜਾਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਜੇ ਦਰਿਆ ਸਤਲੁਜ ਵਿਚ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਫਿਰ ਇਲਾਕੇ ਵਿਚ ਸਥਿਤੀ ਭਿਆਨਕ ਬਣ ਸਕਦੀ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਪੌਂਗ ਡੈਮ ਤੋਂ ਛੱਡੇ ਪਾਣੀ ਨੇ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਮੰਡ ਖੇਤਰ ਅਤੇ ਸਤਲੁਜ ਦਰਿਆ ਦੇ ਹਥਾੜ ਖੇਤਰ ਦੇ ਕਰੀਬ 40 ਪਿੰਡਾਂ ਦੇ ਕਿਸਾਨਾਂ ਦੀਆਂ 35000 ਏਕੜ ਦੇ ਕਰੀਬ ਫਸਲਾਂ ਦੇ ਤਬਾਹ ਹੋਣ ਤੋਂ ਬਚਣ ਦੀਆਂ ਸਾਰੀਆਂ ਸੰਭਾਨਾਵਾਂ ਖਤਮ ਹੋ ਗਈਆਂ ਹਨ| ਜ਼ਿਲ੍ਹੇ ਦੇ ਪਿੰਡ ਭਲੋਜਲਾ ਤੋਂ ਲੈ ਕੇ ਸਰਹੱਦੀ ਖੇਤਰ ਦੇ ਪਿੰਡ ਮੁੱਠਿਆਂਵਾਲਾ ਤੱਕ ਦੇ ਇਨ੍ਹਾਂ 40 ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੇ ਬਚਣ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ| ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਨੇ ਮੰਡ ਖੇਤਰ ਦੇ ਪਿੰਡ ਜੌਹਲ ਢਾਏਵਾਲਾ ਅਤੇ ਮੁੰਡਾ ਪਿੰਡ ਦਾ ਦੌਰਾ ਕਰਕੇ ਦੇਖਿਆ ਕਿ ਦੋਵਾਂ ਪਿੰਡਾਂ ਦੀ 3000 ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ|
ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਹਰੀਕੇ ਵਿੱਚ ਦਰਿਆਵਾਂ ਦੇ ਸੰਗਮ ਹੋਣ ਵਾਲੇ ਥਾਂ ਦੇ ਡਾਊਨ ਸਟਰੀਮ ’ਤੇ ਅੱਜ ਪਾਣੀ ਦਾ ਪੱਧਰ ਵਧ ਕੇ 90,000 ਕਿਊਸਕ ਤੱਕ ਚਲੇ ਗਿਆ, ਜਿਹੜਾ ਬੀਤੇ ਕੱਲ੍ਹ 75000 ਕਿਊਸਕ ਸੀ। ਇਸ ਨਾਲ ਦਰਿਆ ਦੇ ਅੱਪ ਸਟਰੀਮ ਵਿੱਚ ਪਾਣੀ ਵੱਧ ਕੇ ਬੀਤੇ ਕੱਲ੍ਹ 97,000 ਕਿਊਸਕ ਦੇ ਮੁਕਾਬਲੇ ਅੱਜ 1.05 ਲੱਖ ਕਿਊਸਕ ਤੱਕ ਪੁੁੱਜ ਗਿਆ ਹੈ। ਡੀਸੀ ਰਾਹੁਲ ਨੇ ਬਿਨਾਂ ਕਿਸੇ ਅੰਕੜੇ ਤੋਂ ਇੰਨਾ ਹੀ ਕਿਹਾ ਕਿ ਦਰਿਆਵਾਂ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਮਾਰ ਕੀਤੀ ਹੈ| ਉੱਧਰ, ਕਾਰ ਸੇਵਾ ਸੰਪਰਦਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਨਿਗਰਾਨੀ ਹੇਠ ਸੰਪਰਦਾ ਦੇ ਸੇਵਾਦਾਰ ਬੀਤੇ ਛੇ ਦਿਨ ਤੋਂ ਸਭਰਾ ਨੇੜੇ ਦਰਿਆ ਦੇ ਕੰਢਿਆਂ ਨੂੰ ਲਗਾਈ ਜਾ ਰਹੀ ਢਾਹ ਨੂੰ ਰੋਕਣ ਲਈ ਦਿਨ-ਰਾਤ ਜੁਟੇ ਹੋਏ ਹਨ|