ਬਠੋਈ ਕਲਾਂ ’ਚ ਪ੍ਰਸ਼ਾਸਨ ਅਤੇ ਪਿੰਡ ਵਾਸੀ ਆਹਮੋ-ਸਾਹਮਣੇ
ਸਰਬਜੀਤ ਸਿੰਘ ਭੰਗੂ /ਮਾਨਵਜੋਤ ਭਿੰਡਰ
ਪਟਿਆਲਾ/ਡਕਾਲਾ, 14 ਮਈ
ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਵਿੱਚ ਪੰਜ ਦਹਾਕਿਆਂ ਤੋਂ ਪਿੰਡ ਵਾਸੀਆਂ ਵੱਲੋਂ ਵਾਹੀ ਜਾ ਰਹੀ 650 ਏਕੜ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਛੁਡਾਉਣ ਲਈ ਭਾਰੀ ਪੁਲੀਸ ਬਲ ਨਾਲ ਪੁੱਜੇ ਜ਼ਿਲ੍ਹਾ ਪ੍ਰ੍ਰਸ਼ਾਸਨ ਨੂੰ ਸਫ਼ਲਤਾ ਨਾ ਮਿਲ ਸਕੀ, ਕਿਉਂਕਿ ਕਾਰਵਾਈ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਦੇ ਹੱਕ ’ਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੀ ਆ ਡਟੀਆਂ। ਇਥੋਂ ਤੱਕ ਕਿ ਰਾਤ ਤੱਕ ਵੀ ਪੁਲੀਸ ਅਤੇ ਕਿਸਾਨ ਧਿਰਾਂ ਇਨ੍ਹਾਂ ਖੇਤਾਂ ’ਚ ਹੀ ਡਟੀਆਂ ਹੋਈਆਂ ਸਨ।
ਇਸ ਦੌਰਾਨ ਕਿਸਾਨਾਂ ਨੇ ਇੱਥੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਉਧਰ, ਇਸ ਸ਼ਾਮਲਾਟ ਸਬੰਧੀ ਅਦਾਲਤ ਤੋਂ ਕੇਸ ਜਿੱਤਣ ਦਾ ਦਾਅਵਾ ਕਰ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਇਹ ਕਬਜ਼ਾ ਕਾਰਵਾਈ ਯਕੀਨੀ ਬਣਾਉਣ ਲਈ ਬਜਿੱਦ ਹੈ। ਇਸ ਕਾਰਨ 15 ਮਈ ਨੂੰ ਇਥੇ ਮੁੜ ਤੋਂ ਪ੍ਰਸ਼ਾਸਨ ਅਤੇ ਲੋਕਾਂ ਦੇ ਆਹਮੋ ਸਾਹਮਣੇ ਹੋਣ ਦੇ ਆਸਾਰ ਹਨ।
ਪਿਡ ਵਿਚਲੀ 4816 ਕਨਾਲ 7 ਮਰਲੇ ਸ਼ਾਮਲਾਟ ਜ਼ਮੀਨ ਪਿੰਡ ਦੇ ਦੋ ਸੌ ਤੋਂ ਵੀ ਵੱਧ ਵਿਅਕਤੀਆਂ ਦੇ ਕਬਜ਼ੇ ਹੇਠ ਹੈ। ਇਨ੍ਹਾਂ ਦਾ ਤਰਕ ਹੈ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਵੱਲੋਂ ਪੰਜ ਦਹਾਕੇ ਪਹਿਲਾਂ ਸਖ਼ਤ ਮਿਹਨਤ ਕਰਕੇ ਵਾਹੀਯੋਗ ਬਣਾਈ ਸੀ ਪਰ ਪ੍ਰਸ਼ਾਸਨ ਵੱਲੋਂ ਇਹ ਜ਼ਮੀਨ ਉਨ੍ਹਾਂ ਤੋਂ ‘ਖੋਹਣ’ ਦੀ ਕੋਸਿਸ਼ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਉਧਰ, ਜ਼ਿਲ੍ਹਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੜੀ ਲੰਮੀ ਅਦਾਲਤੀ ਲੜਾਈ ਦੌਰਾਨ ਇਸ ਸਬੰਧੀ ਕੇਸ ਸਰਕਾਰ, ਪ੍ਰਸ਼ਾਸਨ ਦੇ ਹੱਕ ’ਚ ਹੋਣ ਮਗਰੋਂ ਹੀ ਇਹ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਦਾ ਤਰਕ ਸੀ ਕਿ ਸ਼ਾਮਲਾਟ ਨਾਜਾਇਜ਼ ਕਬਜ਼ੇ ਹਟਾਉਣ ਲਈ ਕਬਜ਼ਾ ਵਾਰੰਟਾਂ ਦੀ ਤਾਮੀਲ ਕਰਵਾਉਣ ਲਈ ਹੀ ਮਾਲ ਮਹਿਕਮੇ ਦੇ ਅਧਿਕਾਰੀ ਅੱਜ ਇਥੇ ਪਹੁੰਚੇ ਪਰ ਪਿੰਡ ਵਾਸੀ ਧਰਨਾ ਲਾ ਕੇ ਬੈਠ ਗਏ। ਪੁਲੀਸ ਫੋਰਸ ਦੀ ਅਗਵਾਈ ਦੋ ਐੱਸਪੀ ਵੈਭਵ ਚੌਧਰੀ (ਆਈਪੀਐੱਸ) ਅਤੇ ਐੱਸਪੀ ਪਲਵਿੰਦਰ ਚੀਮਾ ਕਰ ਰਹੇ ਸਨ, ਉਥੇ ਹੀ ਸਿਵਲ ਪ੍ਰ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ।
ਇਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਕਬਜ਼ਾ ਵਾਰੰਟ ਤਾਮੀਲ ਕਰਵਾਉਣ ਲਈ ਆਏ ਸਨ। ਉਧਰ, ਕਿਸਾਨ ਆਗੂਆਂ ਜਗਤਾਰ ਕਾਲਾਝਾੜ, ਬਲਰਾਜ ਜੋਸ਼ੀ, ਹਰਦੀਪ ਖਜ਼ਾਨਚੀ, ਜਸਵਿੰਦਰ ਬਰਾਸ, ਗੁਰਬਚਨ ਸਿੰਘ ਤੇ ਹਰਦੀਪ ਸੇਹਰਾ ਦਾ ਕਹਿਣਾ ਸੀ ਕਿ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।