ਓਟ ਸੈਂਟਰ ’ਚੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ
ਪਿੰਡ ਹਮੀਦੀ ਵਿੱਚ ਆਮ ਆਦਮੀ ਕਲੀਨਿਕ ਦੇ ਓਟ ਸੈਂਟਰ ’ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛੁਡਾਊ ਗੋਲੀਆਂ (ਨੈਰੋਫੀਨ) ਚੋਰੀ ਗਈਆਂ। ਇਹ ਘਟਨਾ ਦੀਵਾਲੀ ਤੋਂ ਅਗਲੇ ਦਿਨ ਵਾਪਰੀ। ਇਸ ਸਬੰਧੀ ਓਟ ਸੈਂਟਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਨੈਰੋਫੀਨ ਗੋਲੀਆਂ ਦੀ ਗਿਣਤੀ 12,631 ਹੈ। ਚੋਰ ਬੁੱਧਵਾਰ ਦੀ ਰਾਤ ਨੂੰ ਕਲੀਨਿਕ ਦੀ ਕੰਧ ਟੱਪ ਕੇ ਅੰਦਰ ਆਏ ਤੇ ਓਟ ਸੈਂਟਰ ਦੇ ਕਮਰੇ ਦਾ ਵਿੰਡੋ ਏਸੀ ਉਤਾਰ ਕੇ ਅੰਦਰ ਦਾਖ਼ਲ ਹੋਏ। ਇਸ ਉਪਰੰਤ ਸਿਰਫ਼ ਗੋਲੀਆਂ ਚੋਰੀ ਕੀਤੀਆਂ। ਚੋਰਾਂ ਨੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਜੇ ਇੱਥੇ ਰਾਤ ਸਮੇਂ ਚੌਕੀਦਾਰ ਹੁੰਦਾ ਤਾਂ ਚੋਰੀ ਨਾ ਹੁੰਦੀ। ਕਲੀਨਿਕ ਨਾਲ ਸਬੰਧਤ ਐੱਸ ਐੱਮ ਓ ਸਤਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਥਾਣਾ ਠੁੱਲੀਵਾਲ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਗਈ ਹੈ। ਨੈਰੋਫੀਨ ਗੋਲੀਆਂ ਉਨ੍ਹਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਨਸ਼ਾ ਛੱਡਣ ਸਬੰਧੀ ਇਲਾਜ ਚੱਲ ਰਿਹਾ ਹੈ। ਇਸ ਕਲੀਨਿਕ ਤੋਂ ਰੋਜ਼ਾਨਾ 100-150 ਮਰੀਜ਼ ਦਵਾਈ ਲਿਜਾਂਦੇ ਹਨ ਪਰ ਹੁਣ ਚੋਰੀ ਕਾਰਨ ਦਵਾਈ ਦੀ ਆਮਦ ਰੁਕ ਗਈ ਹੈ। ਕਲੀਨਿਕ ਦੇ ਬਾਹਰ ਵੀ ‘ਇੱਥੇ ਗੋਲੀ ਨਹੀਂ ਮਿਲਦੀ’ ਦਾ ਪੋਸਟਰ ਲਗਾਇਆ ਗਿਆ ਹੈ। ਦੂਜੇ ਪਾਸੇ ਰੋਜ਼ਾਨਾ ਗੋਲੀ ਲੈਣ ਵਾਲੇ ਕਈ ਵਿਅਕਤੀਆਂ ਨੇ ਦੱਸਿਆ ਕਿ ਉਹ ਝੋਨੇ ਦੇ ਸੀਜ਼ਨ ਵਿੱਚ ਮਜ਼ਦੂਰੀ ਕਰਦੇ ਹਨ ਤੇ ਦਵਾਈ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਚੋਰੀ ਦੀ ਜਾਂਚ ਦੇ ਨਾਲ-ਨਾਲ ਦਵਾਈ ਦੀ ਸਪਲਾਈ ਤੁਰੰਤ ਮੁੜ ਚਾਲੂ ਕੀਤੀ ਜਾਵੇ।
