ਹਰਿਮੰਦਰ ਸਾਹਿਬ ਦੀ ਏ ਆਈ ਰਾਹੀਂ ਵੀਡੀਓ ਬਣਾਉਣ ਖ਼ਿਲਾਫ਼ ਕਾਰਵਾਈ ਹੋਵੇ: ਜਥੇਦਾਰ
ਸੱਚਖੰਡ ਹਰਿਮੰਦਰ ਸਾਹਿਬ ਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਰਾਹੀਂ ਬਣਾਈਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓਜ਼ ’ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਪੰਜਾਬ ਤੇ ਭਾਰਤ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਲਈ ਆਖਿਆ ਹੈ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਵੀ ਹਰਿਮੰਦਰ ਸਾਹਿਬ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਵਿਰੋਧ ਕੀਤਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਮੌਜੂਦਾ ਤਕਨੀਕੀ ਯੁੱਗ ਵਿੱਚ ਖ਼ਾਸਕਰ ਏ ਆਈ ਦੀ ਦੁਰਵਰਤੋਂ ਕਰਦਿਆਂ ਸ਼ਰਾਰਤੀ ਅਨਸਰਾਂ ਵੱਲੋਂ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਬਾਰੇ ਇਤਰਾਜ਼ਯੋਗ ਵੀਡੀਓ ਬਣਾ ਕੇ ਸਿੱਖ ਭਾਵਨਾਵਾਂ ਨੂੰ ਲਗਾਤਾਰ ਗਹਿਰੀ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸ਼ਰਾਰਤੀ ਅਨਸਰਾਂ ਦਾ ਪਤਾ ਨਹੀਂ ਲਗਾ ਸਕੀਆਂ, ਇਸ ਨਾਲ ਉਨ੍ਹਾਂ ਦੇ ਇਰਾਦਿਆਂ ’ਤੇ ਸਿੱਧਾ ਸਵਾਲ ਖੜ੍ਹਾ ਹੁੰਦਾ ਹੈ। ਜਥੇਦਾਰ ਨੇ ਕਿਹਾ ਕਿ ਜੇ ਅਜਿਹੀ ਇਤਰਾਜ਼ਯੋਗ ਸਮੱਗਰੀ ਸਰਕਾਰ ਦੇ ਕਿਸੇ ਮੰਤਰੀ ਬਾਰੇ ਪਾਈ ਗਈ ਹੋਵੇ ਤਾਂ ਕੁਝ ਘੰਟਿਆਂ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਦੂਜੇ ਪਾਸੇ ਜਦੋਂ ਸਿੱਖਾਂ ਨਾਲ ਸਬੰਧਤ ਅਜਿਹੇ ਇਤਰਾਜ਼ਯੋਗ ਮਾਮਲੇ ਆਉਂਦੇ ਹਨ ਤਾਂ ਇਸ ਵਿੱਚ ਜਾਂਚ ਏਜੰਸੀਆਂ ਚੌਕਸੀ ਨਾਲ ਕੰਮ ਨਹੀਂ ਕਰਦੀਆਂ। ਉਨ੍ਹਾਂ ਆਖਿਆ ਕਿ ਬੀਤੇ ਸਮੇਂ ਜਿਨ੍ਹਾਂ ਸ਼ਰਾਰਤੀ ਲੋਕਾਂ ਨੇ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈ-ਮੇਲਾਂ ਕੀਤੀਆਂ ਸਨ, ਉਨ੍ਹਾਂ ਬਾਰੇ ਵੀ ਅੱਜ ਤੱਕ ਕੋਈ ਜਾਣਕਾਰੀ ਸਰਕਾਰ ਦੀ ਤਰਫ਼ੋਂ ਸਾਹਮਣੇ ਨਹੀਂ ਲਿਆਂਦੀ ਗਈ। ਜਥੇਦਾਰ ਨੇ ਲੋਕਾਂ ਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੀ ਇਤਰਾਜ਼ਯੋਗ ਵੀਡੀਓ ਅੱਗੇ ਸਾਂਝੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ’ਤੇ ਇਤਰਾਜ਼ ਪ੍ਰਗਟਾਉਣ ਲਈ ਆਪਣੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਉੱਤੇ ਵੀ ਨਾ ਵਰਤੀ ਜਾਵੇ, ਬਲਕਿ ਇਸ ਦੀ ਰਿਪੋਰਟ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰਾਂ ਦੀ ਮੀਟਿੰਗ ਸੱਦਣ ਦਾ ਫੈਸਲਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਰਾਹੀਂ ਸੱਚਖੰਡ ਹਰਿਮੰਦਰ ਸਾਹਿਬ ਨਾਲ ਸਬੰਧਤ ਬਣਾਈ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ। ਇਸ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ, ਸਰਕਾਰਾਂ ਨੂੰ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਮਾਹਿਰਾਂ ਦੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਹਰਿਮੰਦਰ ਸਾਹਿਬ ਅੰਦਰ ਜੰਗਲੀ ਜਾਨਵਰ ਦਿਖਾਏ ਗਏ ਹਨ। ਇਸ ਤੋਂ ਪਹਿਲਾਂ ਵਾਇਰਲ ਹੋਈ ਵੀਡੀਓ ’ਚ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਹੁੰਦਾ ਦਿਖਾਇਆ ਗਿਆ ਸੀ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਵਿੱਚ ਧਮਾਕਾਖੇਜ਼ ਸਮੱਗਰੀ ਰੱਖਣ ਦੀਆਂ ਈ ਮੇਲ ਵੀ ਆਈਆਂ ਸਨ। ਇਨ੍ਹਾਂ ਮਾਮਲਿਆਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਮੁਲਜ਼ਮਾਂ ਦਾ ਪਤਾ ਨਹੀਂ ਲੱਗਿਆ ਹੈ। ਸ੍ਰੀ ਧਾਮੀ ਨੇ ਕਿਹਾ ਕਿ ਅਜਿਹੀ ਵੀਡੀਓ ਨਾ ਸਿਰਫ਼ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਉਲੰਘਣਾ ਹੈ, ਸਗੋਂ ਵਿਸ਼ਵ ਪੱਧਰੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਵੀ ਠੇਸ ਪਹੁੰਚਾਉਣ ਵਾਲੀ ਹਰਕਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਏ ਆਈ ਦੀ ਦੁਰਵਰਤੋਂ ਹੋ ਰਹੀ ਹੈ ਜੋ ਬੇਹੱਦ ਸੰਜੀਦਾ ਮਾਮਲਾ ਹੈ। ਇਸ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੇ ਸਹਿਯੋਗ ਲਈ ਸ਼੍ਰੋਮਣੀ ਕਮੇਟੀ ਜਲਦ ਮੀਟਿੰਗ ਕਰੇਗੀ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮਸਲੇ ਸਬੰਧੀ ਗੰਭੀਰਤਾ ਦਿਖਾਉਂਦਿਆਂ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਵੀਡੀਓ ਨੂੰ ਪ੍ਰਚਾਰਨ ਦੀ ਥਾਂ ਇਸ ’ਤੇ ਰੋਕ ਲਗਾਉਣ ਲਈ ਰਿਪੋਰਟ ਕੀਤੀ ਜਾਵੇ।