ਮੁਹਾਲੀ ਸ਼ਹਿਰ ਦੇ ਵਿਸਥਾਰ ਲਈ ਕਾਰਵਾਈ ਤੇਜ਼
ਕਰਮਜੀਤ ਸਿੰਘ ਚਿੱਲਾ
ਗਮਾਡਾ ਨੇ ਪੁਰਾਣੇ ਭੂਮੀ ਗ੍ਰਹਿਣ ਐਕਟ ਅਧੀਨ ਮੁਹਾਲੀ ਸ਼ਹਿਰ ਦੇ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕੁਵਾਇਰ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਏਅਰੋਟ੍ਰੋਪੋਲਿਸ ਖੇਤਰ ਦੀ ਛੇ ਪਾਕੇਟਾਂ ਲਈ ਅੱਠ ਪਿੰਡਾਂ ਬੜੀ, ਕੁਰੜੀ, ਬਾਕਰਪੁਰ, ਛੱਤ, ਪੱਤੋਂ, ਮਟਰਾਂ, ਸਿਆਊ, ਕਿਸ਼ਨਪੁਰਾ ਦੀ 3513 ਏਕੜ ਜ਼ਮੀਨ ਗ੍ਰਹਿਣ ਕਰਨ ਦਾ ਕੰਮ ਆਖਰੀ ਪੜਾਅ ’ਤੇ ਹੈ। ਗਮਾਡਾ ਨੇ ਹੁਣ ਸੈਕਟਰ 103 ਦੀ ਸਥਾਪਨਾ ਅਤੇ ਸੈਕਟਰ 87 ਤੇ 101 ਦੇ ਵਿਸਥਾਰ ਦੇ ਕੰਮ ਲਈ ਛੇ ਪਿੰਡਾਂ ਦੀ 502 ਏਕੜ ਜ਼ਮੀਨ ਹਾਸਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਗਮਾਡਾ ਵੱਲੋਂ ਸੈਕਟਰ 87 ਦੇ ਕਮਰਸ਼ੀਅਲ ਖੇਤਰ ਦੇ ਵਿਸਥਾਰ ਲਈ ਪਿੰਡ ਮਾਣਕਮਾਜਰਾ ਦੀ 19.6 ਏਕੜ, ਪਿੰਡ ਨਾਨੂੰਮਾਜਰਾ ਦੀ 116.9 ਏਕੜ, ਪਿੰਡ ਸੋਹਾਣਾ ਦੀ 65 ਏਕੜ, ਪਿੰਡ ਸੰਭਾਲਕੀ ਦੀ ਇੱਕ ਕਨਾਲ, ਬਾਰਾਂ ਮਰਲੇ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੈਕਟਰ 103 ਵਿੱਚ ਉਦਯੋਗਿਕ ਪਾਰਕ ਦੀ ਸਥਾਪਨਾ ਲਈ ਪਿੰਡ ਦੁਰਾਲੀ ਦੀ 141.8 ਏਕੜ ਅਤੇ ਪਿੰਡ ਸਨੇਟਾ ਦੀ 29.8 ਏਕੜ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ। ਸੈਕਟਰ 101 ਦੇ ਉਦਯੋਗਿਕ ਪਾਰਕ ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ 129 ਏਕੜ ਜ਼ਮੀਨ ਲਈ ਜਾ ਰਹੀ ਹੈ।
ਇਨ੍ਹਾਂ ਛੇ ਪਿੰਡਾਂ ਦੀ 502 ਏਕੜ ਜ਼ਮੀਨ ਹਾਸਲ ਕਰਨ ਲਈ ਗਮਾਡਾ ਵੱਲੋਂ ਸਮਾਜਿਕ ਪ੍ਰਭਾਵ ਮੁਲਾਂਕਣ ਆਰੰਭ ਦਿੱਤਾ ਗਿਆ ਹੈ। ਇਸ ਮੁਲਾਂਕਣ ਦਾ ਕੰਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਨੂੰ ਸੌਂਪਿਆ ਗਿਆ ਹੈ। ਯੂਨੀਵਰਸਿਟੀ ਦੀਆਂ ਟੀਮਾਂ 22 ਅਤੇ 23 ਦਸੰਬਰ ਨੂੰ ਸਬੰਧਤ ਪਿੰਡਾਂ ਵਿਚ ਜਾ ਕੇ ਜ਼ਮੀਨ ਗ੍ਰਹਿਣ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡਾਂ ਉੱਤੇ ਪੈਣ ਵਾਲੇ ਸਮਾਜਿਕ, ਆਰਥਿਕ, ਵਾਤਾਵਰਣ ਤੇ ਹੋਰ ਪ੍ਰਭਾਵ ਬਾਰੇ ਸੁਝਾਅ ਅਤੇ ਇਤਰਾਜ਼ ਦਰਜ ਕਰਨਗੀਆਂ। ਗਮਾਡਾ ਦੇ ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ਅਨੁਸਾਰ ਯੂਨੀਵਰਸਿਟੀ ਦੀ ਟੀਮ 22 ਦਸੰਬਰ ਨੂੰ ਸਵੇਰੇ ਸਾਢੇ ਦਸ ਵਜੇ ਪਿੰਡ ਮਾਣਕਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ, ਬਾਅਦ ਦੁਪਹਿਰ ਸਾਢੇ ਬਾਰ੍ਹਾਂ ਵਜੇ ਨਾਨੂੰਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ, ਬਾਅਦ ਦੁਪਹਿਰ ਤਿੰਨ ਵਜੇ ਸੋਹਾਣਾ ਦੇ ਗੁਰਦੁਆਰਾ ਸਾਹਿਬ ਪ੍ਰਭਾਵਿਤ ਕਿਸਾਨਾਂ, ਪੰਚਾਇਤਾਂ ਅਤੇ ਮੋਹਤਬਰਾਂ ਦੇ ਪੱਖ ਅਤੇ ਇਤਰਾਜ਼ ਦਰਜ ਕਰੇਗੀ। ਇਸੇ ਤਰ੍ਹਾਂ 23 ਦਸੰਬਰ ਨੂੰ ਸਵੇਰੇ ਸਾਢੇ ਦਸ ਵਜੇ ਪਿੰਡ ਸੰਭਾਲਕੀ, ਬਾਅਦ ਦੁਪਹਿਰ ਸਾਢੇ ਬਾਰ੍ਹਾਂ ਵਜੇ ਪਿੰਡ ਦੁਰਾਲੀ ਅਤੇ ਬਾਅਦ ਦੁਪਹਿਰ ਤਿੰਨ ਵਜੇ ਪਿੰਡ ਸਨੇਟਾ ਵਿੱਚ ਕਿਸਾਨਾਂ ਦੇ ਸੁਝਾਅ ਅਤੇ ਇਤਰਾਜ਼ ਹਾਸਲ ਕਰੇਗੀ।
ਪਿੰਡਾਂ ’ਚ ਰਾਖਵੀਂ ਜ਼ਮੀਨ ਤੇ ਹੋਰ ਮਸਲੇ ਹੱਲ ਹੋਣ: ਪੁਆਧੀ ਮੰਚ
ਪੁਆਧੀ ਮੰਚ ਮੁਹਾਲੀ ਨੇ ਗਮਾਡਾ ਵੱਲੋਂ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਸਮੇਂ ਪਿੰਡਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਵਿਸਾਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਜ਼ਮੀਨ ਹਾਸਲ ਕਰਨ ਵਾਲੇ ਪਿੰਡਾਂ ’ਚ ਪੰਜ ਏਕੜ ਥਾਂ ਸਾਂਝੇ ਕੰਮਾਂ ਲਈ ਛੱਡੀ ਜਾਵੇ। ਸਬੰਧਤ ਪਿੰਡ ਨੂੰ ਘੱਟੋ-ਘੱਟ ਸੌ ਫੁੱਟ ਸਿੱਧੀ ਸੜਕ ਮੁਹੱਈਆ ਕਰਾਈ ਜਾਵੇ। ਉਜਾੜੇ ਤੋਂ ਪ੍ਰਭਾਵਿਤ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਲੈਂਡ ਪੂਲਿੰਗ ਤਹਿਤ ਪਰਿਵਾਰ ਅਤੇ ਪਿੰਡ ਨੂੰ ਇਕਾਈ ਮੰਨ ਕੇ ਇੱਕੋ ਥਾਂ ਰਿਹਾਇਸ਼ੀ ਪਲਾਟ ਦਿੱਤੇ ਜਾਣ।
