ਮੁਹਾਲੀ ਦੇ ਏਅਰੋਟ੍ਰੋਪੋਲਿਸ ’ਚ ਸੈਕਟਰਾਂ ਦੇ ਵਿਸਥਾਰ ਲਈ ਕਾਰਵਾਈ ਤੇਜ਼
ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਮੁਹਾਲੀ ਦੇ ਏਅਰੋਟ੍ਰੋਪੋਲਿਸ ਪ੍ਰਾਜੈਕਟ ਦੇ ਵਿਸਥਾਰ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਛੇ ਨਵੇਂ ਸੈਕਟਰ (ਪਾਕੇਟ ਈ, ਐੱਫ, ਜੀ, ਐੱਚ, ਆਈ, ਜੇ) ਵਿਕਸਤ ਕਰਨ ਲਈ ਅੱਠ ਪਿੰਡਾਂ ਦੀ ਕੁੱਲ 3537 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਹ ਜ਼ਮੀਨ ਭੂਮੀ ਗ੍ਰਹਿਣ ਐਕਟ 2013 ਤਹਿਤ 2021 ਵਿੱਚ ਕੀਤੀਆਂ ਸੋਧਾਂ ਅਨੁਸਾਰ ਐਕੁਆਇਰ ਕੀਤੀ ਜਾ ਰਹੀ ਹੈ। ਇਸ ਸਬੰਧੀ ਗਮਾਡਾ ਵੱਲੋਂ ਧਾਰਾ ਚਾਰ ਤਹਿਤ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਗਮਾਡਾ ਵੱਲੋਂ ਹੁਣ ਧਾਰਾ ਪੰਜ ਅਧੀਨ ਸਬੰਧਤ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਦੀ ਜ਼ਿੰਮੇਵਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਸੌਂਪੀ ਗਈ ਹੈ। ਯੂਨੀਵਰਸਿਟੀ ਦੀਆਂ ਟੀਮਾਂ 10 ਤੋਂ 12 ਨਵੰਬਰ ਤੱਕ ਸਬੰਧਤ ਪਿੰਡਾਂ ਵਿਚ ਜਾ ਕੇ ਪ੍ਰਾਜੈਕਟ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਗੀਆਂ ਅਤੇ ਇਨ੍ਹਾਂ ਦੇ ਪ੍ਰਭਾਵ ਬਾਰੇ ਪਿੰਡਾਂ ਦੇ ਵਸਨੀਕਾਂ ਅਤੇ ਜ਼ਮੀਨ ਮਾਲਕਾਂ ਦੇ ਸੁਝਾਅ ਲੈਣਗੀਆਂ।
ਗਮਾਡਾ ਦੇ ਭੋਂ ਪ੍ਰਾਪਤੀ ਕੁਲੈਕਟਰ ਵੱਲੋਂ ਇਸ ਸਬੰਧੀ ਪਿੰਡ ਬੜੀ, ਬਾਕਰਪੁਰ, ਕਿਸ਼ਨਪੁਰਾ, ਛੱਤ, ਪੱਤੋਂ, ਕੁਰੜੀ, ਸਿਆਊ ਅਤੇ ਮਟਰਾਂ ਦੇ ਸਰਪੰਚਾਂ ਨੂੰ 14 ਅਕਤੂਬਰ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਲਿਖਿਆ ਕਿ ਪਿੰਡਾਂ ਵਿਚ ਟੀਮਾਂ ਦੇ ਆਉਣ ਸਬੰਧੀ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਾਈ ਜਾਵੇ ਅਤੇ ਇਸ ਸਬੰਧੀ ਪੱਤਰ ਦੀ ਕਾਪੀ ਜਨਤਕ ਥਾਵਾਂ ’ਤੇ ਚਿਪਕਾਈ ਜਾਵੇ ਤਾਂ ਜੋ ਲੋਕ ਸਮੇਂ ਸਿਰ ਪਹੁੰਚ ਕੇ ਆਪਣੇ ਸੁਝਾਅ ਦੇ ਸਕਣ ਅਤੇ ਸੈਕਟਰਾਂ ਦੇ ਵਿਸਥਾਰ ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਪ੍ਰਾਪਤ ਜਾਣਕਾਰੀ ਅਨੁਸਾਰ 10 ਨਵੰਬਰ ਨੂੰ ਯੂਨੀਵਰਸਿਟੀ ਦੀ ਟੀਮ ਸਵੇਰੇ 11 ਵਜੇ ਪਿੰਡ ਬੜੀ, 12 ਵਜੇ ਬਾਕਰਪੁਰ, ਬਾਅਦ ਦੁਪਹਿਰ ਤਿੰਨ ਵਜੇ ਕਿਸ਼ਨਪੁਰਾ ਅਤੇ ਚਾਰ ਵਜੇ ਛੱਤ ਪਿੰਡਾਂ ਦੇ ਗੁਰਦੁਆਰਿਆਂ ਵਿਚ ਪਹੁੰਚ ਕੇ ਲੋਕਾਂ ਦੇ ਵਿਚਾਰ ਸੁਣੇਗੀ।
ਸਰਪੰਚ ਪਿੰਡ ਵਾਸੀਆਂ ਨਾਲ ਸਲਾਹਾਂ ਵਿੱਚ ਰੁੱਝੇ
ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਉਹ ਜ਼ਮੀਨ ਮਾਲਕਾਂ ਅਤੇ ਪਿੰਡਾਂ ਦੇ ਵਸਨੀਕਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਸਾਰੇ ਅੱਠ ਪਿੰਡਾਂ ਵੱਲੋਂ ਸਾਂਝੇ ਤੌਰ ’ਤੇ ਕੋਈ ਫੈ਼ਸਲਾ ਲਿਆ ਜਾਵੇਗਾ ਅਤੇ ਆਪੋ-ਆਪਣੇ ਸੁਝਾਅ ਦਿੱਤੇ ਜਾਣਗੇ। ਇਨ੍ਹਾਂ ਪਿੰਡਾਂ ਨੇ ਪਹਿਲਾਂ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ।