ਹਥਿਆਰ ਬਰਾਮਦਗੀ ਸਮੇਂ ਮੁਲਜ਼ਮ ਨੇ ਪੁਲੀਸ ’ਤੇ ਗੋਲੀ ਚਲਾਈ
ਜਵਾਬੀ ਕਾਰਵਾਈ ਨਾਲ ਮੁਲਜ਼ਮ ਜ਼ਖ਼ਮੀ; ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ
Advertisement
ਹਥਿਆਰ ਬਰਾਮਦਗੀ ਦੀ ਪ੍ਰਕਿਰਿਆ ਦੌਰਾਨ ਮੁਲਜ਼ਮ ਵੱਲੋਂ ਪੁਲੀਸ ’ਤੇ ਗੋਲੀ ਚਲਾਉਣ ਮਗਰੋਂ ਜਵਾਬੀ ਕਾਰਵਾਈ ਵਿੱਚ ਪੁਲੀਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਦਰਗਾਬਾਦ, ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਵਜੋਂ ਹੋਈ ਹੈ। ਡੀਸੀਪੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਪੁਲੀਸ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਹਵਾਈ ਅੱਡਾ ਰੋਡ ’ਤੇ ਨਾਲੇ ਕੋਲ ਲੈ ਕੇ ਗਈ, ਜਿੱਥੇ ਇਸ ਨੇ ਨੌਂ ਐੱਮਐੱਮ ਦਾ ਗਲੋਕ ਪਿਸਤੌਲ ਲੁਕਾਇਆ ਹੋਇਆ ਸੀ। ਹਥਿਆਰ ਬਰਾਮਦ ਕਰਨ ਦੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਐੱਸਐੱਚਓ ਥਾਣਾ ਛਾਉਣੀ ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਗੋਲੀ ਚਲਾਉਣ ਤੋਂ ਰੋਕਣ ਲਈ ਚਿਤਾਵਨੀ ਦਿੰਦਿਆਂ ਹਵਾਈ ਫਾਇਰ ਕੀਤਾ ਪਰ ਮੁਲਜ਼ਮ ਨੇ ਮੁੜ ਪੁਲੀਸ ’ਤੇ ਗੋਲੀ ਚਲਾਈ। ਪੁਲੀਸ ਇੰਸਪੈਕਟਰ ਨੇ ਸਵੈ-ਰੱਖਿਆ ਅਤੇ ਪੁਲੀਸ ਪਾਰਟੀ ਨੂੰ ਬਚਾਉਣ ਲਈ ਮੁਲਜ਼ਮ ’ਤੇ ਗੋਲੀ ਚਲਾਈ ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ। ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਹੇਠ ਥਾਣਾ ਏਅਰਪੋਰਟ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਪਾਰਟੀ ਨੇ ਖਾਲਸਾ ਕਾਲਜ, ਜ਼ਿਲ੍ਹਾ ਅਦਾਲਤ ਅਤੇ ਧਾਰਮਿਕ ਅਸਥਾਨ ਦੀਆਂ ਬਾਹਰਲੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਬੀਤੇ ਕੱਲ੍ਹ ਮੁਲਜ਼ਮ ਸਣੇ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਸੀ।
Advertisement
Advertisement