ਕਤਲ ਮਾਮਲੇ ’ਚ ਨਾਮਜ਼ਦ ਮੁਲਜ਼ਮ ਪੁਲੀਸ ਮੁਕਾਬਲੇ ਮਗਰੋਂ ਕਾਬੂ
ਪਟਿਆਲਾ ਪੁਲੀਸ ਨੇ ਅੱਜ ਥਾਣਾ ਬਨੂੜ ਅਧੀਂਨ ਪੈਂਦੇ ਪਿੰਡ ਉੜਦਨ ਤਰਸੇਮ ਸਿੰਘ ਦੇ ਕਤਲ ਕੇਸ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਟੈਂਟਾ ਨੂੰ ਪੁਲੀਸ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪਟਿਆਲਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਟੈਂਟਾ ਆਪਣੇ ਮੋਟਰਸਾਈਕਲ ’ਤੇ ਗਿਆਨ ਸਾਗਰ ਨੇੜੇ ਜਾਂਸਲਾ-ਜਾਂਸਲੀ ਲਿੰਕ ਸੜਕ ’ਤੇ ਜਾ ਰਿਹਾ ਹੈ। ਉਸ ਨੂੰ ਫੜਨ ਲਈ ਐੱਸਪੀ (ਡੀ) ਗੁਰਬੰਸ ਸਿੰਘ ਬੈਂਸ, ਡੀਐੱਸਪੀ ਰਾਜਪੁਰਾ ਮਨਜੀਤ ਸਿੰਘ, ਸੀਆਈਏ ਇੰਚਾਰਜ (ਪਟਿਆਲਾ) ਪਰਦੀਪ ਬਾਜਵਾ ਤੇ ਐੱਸਐੱਚਓ ਬਨੂੜ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਉਸ ਦਾ ਪਿੱਛਾ ਕੀਤਾ। ਪੁਲੀਸ ਨੇ ਜਦੋਂ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਤਿੰਨ-ਚਾਰ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਐੱਸਐੱਸਪੀ ਨੇ ਦੱਸਿਆ ਕਿ 20 ਜੁਲਾਈ ਨੂੰ ਉੜਦਨ ਪਿੰਡ ਦੇ ਤਰਸੇਮ ਸਿੰਘ (30) ਦਾ ਕਤਲ ਹੋ ਗਿਆ ਸੀ। ਇਸ ਮਾਮਲੇ ’ਚ ਚਾਰ ਨੌਜਵਾਨ ਨਾਮਜ਼ਦ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਸੁਰਭੀ ਤੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਗੁਰਪ੍ਰੀਤ ਟੈਂਟਾ ਤੇ ਕਰਨ ਨੇਪਾਲੀ ਫ਼ਰਾਰ ਸਨ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਟੈਂਟਾ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧ ਹਨ। ਉਸ ਖ਼ਿਲਾਫ਼ ਕਈ ਕੇਸ ਦਰਜ ਹਨ। ਪੁਲੀਸ ਨੇ ਮੁਲਜ਼ਮ ਕੋਲੋਂ ਪਿਸਤੌਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।