ਕਰਿਆਨਾ ਵਪਾਰੀ ਕਤਲ ਮਾਮਲੇ ਦਾ ਮੁਲਜ਼ਮ ਮੁਕਾਬਲੇ ’ਚ ਮਾਰਿਆ
ਇਸ ਇਲਾਕੇ ਵਿੱਚ ਪੁਲੀਸ ਅਤੇ ਗੈਂਗਸਟਰਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਕਰਿਆਨਾ ਵਪਾਰੀ ਦੇ ਕਤਲ ਕੇਸ ਵਿੱਚ ਲੋੜੀਂਦਾ ਮੁੱਖ ਮੁਲਜ਼ਮ ਪੁਲੀਸ ਨੇ ਮਾਰ ਦਿੱਤਾ। ਬੀਤੇ ਦਿਨੀਂ ਪਿੰਡ ਭੁੱਲਰ ਵਿਖੇ ਕਰਿਆਨਾ ਵਪਾਰੀ ਨੂੰ ਦੋ ਮੋਟਰਸਾਈਕਲ ਸਵਾਰ ਗੈਂਗਸਟਰਾਂ ਵੱਲੋਂ ਲੁੱਟ ਦੀ ਨੀਯਤ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਵਾਰਦਾਤ ਵਿੱਚ ਲੋੜੀਂਦੇ ਮੁੱਖ ਸ਼ੂਟਰ ਨੂੰ ਪੁਲੀਸ ਨੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮੁਕਾਬਲੇ ਦੌਰਾਨ ਮੁਲਜ਼ਮ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਸੀ ਆਈ ਏ ਸਟਾਫ ਦਾ ਇੰਚਾਰਜ ਅਤੇ ਇਕ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਦੇਰ ਸ਼ਾਮ ਗੋਇੰਦਵਾਲ ਸਾਹਿਬ ਫੋਕਲ ਪੁਆਇੰਟ ਇਲਾਕੇ ’ਚ ਹੋਏ ਇਸ ਮੁਕਾਬਲੇ ਦੌਰਾਨ ਪੁਲੀਸ ਨੇ ਗੈਂਗਸਟਰਾਂ ਵੱਲੋਂ ਲੁੱਟੀ ਕਾਰ ਅਤੇ ਪਿਸਤੌਲ ਵੀ ਬਰਾਮਦ ਕੀਤੇ ਹਨ। ਮੁਕਾਬਲੇ ਤੋਂ ਬਾਅਦ ਪੁਲੀਸ ਦੇ ਵੱਡੇ ਅਧਿਕਾਰੀ ਗੋਇੰਦਵਾਲ ਫੋਕਲ ਪੁਆਇੰਟ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਡੀਆਈਜੀ ਸਨੇਹਦੀਪ ਸ਼ਰਮਾ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਗੋਇੰਦਵਾਲ ਸਾਹਿਬ ਫੋਕਲ ਪੁਆਇੰਟ ਇਲਾਕੇ ’ਚ ਕਾਰ ’ਚ ਘੁੰਮ ਰਹੇ ਮੁਲਜ਼ਮ ਨੂੰ ਸੀ ਆਈ ਏ ਸਟਾਫ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਇਕ ਹੋਰ ਪੁਲੀਸ ਮੁਲਾਜ਼ਮ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ‘ਚ ਕਾਰ ਸਵਾਰ ਮੁਲਜ਼ਮ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਮੁਲਜ਼ਮ ਦੀ ਪਛਾਣ ਸੁਖਬੀਰ ਸੁੱਖ ਕੋਟਲੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
