ਲੁੱਟ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਜ਼ਖ਼ਮੀ
ਇਥੋਂ ਦੇ ਰਣਜੀਤ ਐਵੇਨਿਊ ਦੇ ਘਰ ਵਿੱਚ ਲੁੱਟ ਸਬੰਧੀ ਕਾਬੂ ਕੀਤੇ ਮੁਲਜ਼ਮ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਅੱਜ ਉਸ ਵੇਲੇ ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗੀ ਹੈ, ਜਦੋਂ ਪੁਲੀਸ ਉਸ ਨੂੰ ਮਾਮਲੇ ਦੀ ਜਾਂਚ ਵਾਸਤੇ ਮੌਕੇ ’ਤੇ ਲੈ ਕੇ ਗਈ ਸੀ। ਵਿੱਕੀ ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ ਨੂੰ ਉਸ ਦੇ ਦੋ ਹੋਰ ਸਾਥੀਆਂ ਜਤਿੰਦਰ ਸਿੰਘ ਉਰਫ਼ ਸਿਮੂ ਅਤੇ ਮਨਦੀਪ ਸਿੰਘ ਉਰਫ਼ ਬੁੱਧੂ ਸਣੇ ਪੁਲੀਸ ਨੇ ਦੋ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਹੁਸ਼ਿਆਰਪੁਰ ਨਾਲ ਲੱਗਦੇ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੋਂ ਮੁਲਜ਼ਮ 8 ਅਕਤੂਬਰ ਨੂੰ ਰਣਜੀਤ ਐਵੇਨਿਊ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੇ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ। ਘਟਨਾ ਸਥਾਨ ਦਾ ਦੌਰਾ ਕਰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ ਐੱਸ ਆਈ ਤਰਸੇਮ ਸਿੰਘ ਅਤੇ ਉਨ੍ਹਾਂ ਦੀ ਟੀਮ ਵਿਕਰਮਜੀਤ ਉਰਫ ਵਿੱਕੀ ਨੂੰ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਲੈ ਕੇ ਗਏ ਸਨ। ਇਸ ਦੌਰਾਨ ਰਣਜੀਤ ਐਵੇਨਿਊ ਦੇ ਗੁਰਦੁਆਰੇ ਨੇੜੇ ਮੁਲਜ਼ਮ ਨੇ ਖੁੱਲ੍ਹੇ ਮੈਦਾਨ ਵਿੱਚ ਪਖਾਨੇ ਜਾਣ ਵਾਸਤੇ ਆਖਿਆ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਇਸ ਮੌਕੇ ਸਥਿਤੀ ਦਾ ਲਾਭ ਲੈਂਦੇ ਹੋਏ ਮੁਲਜ਼ਮ ਨੇ ਏ ਐੱਸ ਆਈ ਦੀ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਪੁਲੀਸ ਪਾਰਟੀ ਵੱਲ ਗੋਲੀ ਚਲਾਈ। ਇਸ ਦੌਰਾਨ ਗੋਲੀ ਮੁਲਜ਼ਮ ਦੀ ਸੱਜੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਥਾਣਾ ਰਣਜੀਤ ਐਵੇਨਿਊ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਹੇਠ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।